ਸ੍ਰੀ ਅਕਾਲ ਤਖ਼ਤ ਸਾਹਿਬ ਦਾ ਫੈਸਲਾ ਪ੍ਰਸ਼ੰਸਾਜਨਕ: ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ

ਸ੍ਰੀ ਅਕਾਲ ਤਖ਼ਤ ਸਾਹਿਬ ਦਾ ਫੈਸਲਾ ਪ੍ਰਸ਼ੰਸਾਜਨਕ : ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ
ਅੰਮ੍ਰਿਤਸਰ : ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਮੌਜੂਦਾ ਪੰਥਕ ਹਲਾਤਾ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਹੁਕਮਨਾਮੇ ਦੀ ਰੋਸ਼ਨੀ ਵਿੱਚ ਆਪਣੇ ਵਿਚਾਰ ਵਿਅਕਤ ਕਰਦਿਆਂ ਕਿਹਾ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਸਬੰਧੀ ਲੰਮੇ ਸਮੇਂ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਵਿਚਾਰ ਅਧੀਨ ਇਤਿਹਾਸਕ ਤੇ ਯਾਦਗਾਰੀ ਸੇਵਾ ਭਾਵਨਾ ਵਾਲੇ ਧਾਰਮਿਕ ਫੈਸਲੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਦੇ ਸਤਿਕਾਰ ਵਿੱਚ ਵਾਧਾ ਹੋਇਆ ਹੈ । ਉਨ੍ਹਾਂ ਕਿਹਾ ਭਗਤੀ ਤੇ ਸ਼ਕਤੀ ਦੇ ਸੁਮੇਲ ਨੂੰ ਸਹੀ ਦਿਸ਼ਾ ਵਿੱਚ ਰੱਖਣ ਲਈ ਆਉਣ ਵਾਲੀਆਂ ਸਰਕਾਰਾਂ, ਰਾਜਸੀ ਦਲਾਂ ਨੂੰ ਹਮੇਸ਼ਾਂ ਸਿੱਖ ਸਿਧਾਂਤ ਤੇ ਮਰਯਾਦਾ ਦੀ ਪਾਲਣਾ ਕਰਨ ਨੂੰ ਮੱਦੇ ਨਜ਼ਰ ਰੱਖਣਾ ਜ਼ਰੂਰੀ ਹੋਵੇਗਾ । ਉਨ੍ਹਾਂ ਕਿਹਾ ਸਾਰੇ ਆਗੂਆਂ ਦਾ ਨਿਮਰਤਾ ਸਹਿਤ ਪੇਸ਼ ਹੋਣਾ ਚੰਗਾ ਪ੍ਰਤੀਕਰਮ ਹੈ । ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿੰਘ ਸਾਹਿਬਾਨ ਦੀ ਗੁਰੂ ਦੇ ਤਖ਼ਤ ਸਾਹਿਬ ਤੋਂ ਨਿਭਾਈ ਗਈ ਸਿਧਾਂਤਕ, ਮਰਯਾਦਾ, ਦ੍ਰਿੜਤਾ ਤੇ ਨਿਰਭੈਤਾ ਵਾਲੀ ਭੂਮਿਕਾ ਪ੍ਰਸ਼ੰਸਾਜਨਕ ਹੈ। ਉਨ੍ਹਾਂ ਕਿਹਾ ਮੀਰੀ ਪੀਰੀ ਦੇ ਗੁਰੂ ਦਰ ਤੇ ਬੋਲਿਆਂ ਗਿਆ ਸੱਚ ਆਉਣ ਵਾਲੇ ਸਮੇਂ ਵਿੱਚ ਭੁੱਲਾਂ ਬਖਸ਼ਾ ਦਿੰਦਾ ਹੈ ਅਤੇ ਦੋਸ਼ੀ ਮਨੁੱਖ ਨੂੰ ਮਾਨਸਿਕ ਬੇਚੈਨੀ ਤੋਂ ਮੁਕਤ ਕਰ ਦਿੰਦਾ ਹੈ। ਉਨ੍ਹਾਂ ਕਿਹਾ ਪੰਜ ਸਿੰਘ ਸਾਹਿਬਾਨ ਦਾ ਸਾਰਾ ਫੈਸਲਾ (ਹੁਕਮਨਾਮਾ) ਪੰਥਕ ਜੁਗਤ ਅਨੁਸਾਰੀ ਸਿੱਖ ਜਗਤ ਦੀ ਸ਼ਕਤੀ ਨੂੰ ਮਜ਼ਬੂਤ ਕਰਨ ਵਾਲਾ ਹੈ ਜੋ ਪ੍ਰਸ਼ੰਸਾਜਨਕ ਹੈ ।
