ਯੂਨੀਵਰਸਿਟੀ ਗਰਾਂਟਸ ਕਮਿਸ਼ਨ ਨੇ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਨੂੰ ਦਿੱਤਾ ਖ਼ੁਦ ਮੁਖ਼ਤਿਆਰ ਕਾਲਜ ਦਾ ਦਰਜਾ

ਯੂਨੀਵਰਸਿਟੀ ਗਰਾਂਟਸ ਕਮਿਸ਼ਨ ਨੇ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਨੂੰ ਦਿੱਤਾ ਖ਼ੁਦ ਮੁਖ਼ਤਿਆਰ ਕਾਲਜ ਦਾ ਦਰਜਾ
ਪਟਿਆਲਾ : ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਨੂੰ ਅਕਾਦਮਿਕ ਸਾਲ 2024-2025 ਤੋ ਖ਼ੁਦਮੁਖ਼ਤਿਆਰ ਕਾਲਜ ਦਾ ਦਰਜਾ ਪ੍ਰਦਾਨ ਕੀਤਾ ਗਿਆ ਹੈ । ਕਾਲਜ ਨੂੰ ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂ. ਜੀ. ਸੀ.) ਦੁਆਰਾ ਹਾਲ ਹੀ ਵਿੱਚ ਇਸ ਦੀ ਅਰਜ਼ੀ ਦੇ ਜਵਾਬ ਵਿੱਚ ਯੂ. ਜੀ. ਸੀ. ਸਕੀਮ ਫ਼ਾਰ ਆਟੋਨੋਮਸ ਕਾਲਜ 2018 ਦੇ ਤਹਿਤ ਖ਼ੁਦਮੁਖ਼ਤਿਆਰੀ ਦਿੱਤੀ ਗਈ ਹੈ। ਵਰਨਣਯੋਗ ਹੈ ਕਿ ਮੁਲਤਾਨੀ ਮੱਲ ਮੋਦੀ ਕਾਲਜ ਉੱਤਰੀ ਭਾਰਤ ਦੀ ਇੱਕ ਵੱਕਾਰੀ ਵਿਦਿਅਕ ਸੰਸਥਾ ਹੈ ਅਤੇ ਪਿਛਲੇ 57 ਸਾਲਾਂ ਤੋਂ ਸਫਲਤਾਪੂਰਵਕ ਵਿਗਿਆਨ, ਵਣਜ, ਕਲਾ, ਸਮਾਜਿਕ ਵਿਗਿਆਨ, ਪ੍ਰਬੰਧਨ ਅਤੇ ਕੰਪਿਊਟਰ ਐਪਲੀਕੇਸ਼ਨ ਆਦਿ ਵਿੱਚ ਵੱਖ- ਵੱਖ ਗ੍ਰੈਜੂਏਟ, ਪੋਸਟ-ਗ੍ਰੈਜੂਏਟ ਅਤੇ ਡਿਪਲੋਮਾ ਕੋਰਸ ਚਲਾ ਰਿਹਾ ਹੈ । ਇਸ ਸ਼ਾਨਦਾਰ ਪ੍ਰਾਪਤੀ ਬਾਰੇ ਫੈਕਲਟੀ ਅਤੇ ਸਟਾਫ਼ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ, ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਕਿਹਾ ਕਿ ਯੂ. ਜੀ. ਸੀ. ਮਾਹਿਰਾਂ ਦੀ ਟੀਮ ਨੇ ਕਈ ਮਾਪਦੰਡਾਂ ‘ਤੇ ਕਾਲਜ ਦਾ ਮੁਲਾਂਕਣ ਕੀਤਾ। ਇਹ ਤੱਥ ਜ਼ਿਕਰਯੋਗ ਹੈ ਕਿ ਪੰਜਾਬ ਦੇ ਕੁਝ ਕੁ ਕਾਲਜਾਂ ਨੇ ਹੀ ਖ਼ੁਦਮੁਖ਼ਤਿਆਰੀ ਦਾ ਦਰਜਾ ਪ੍ਰਾਪਤ ਕੀਤਾ ਹੈ। ਇਸ ਨਾਲ ਕਾਲਜ ਦੀ ਭਰੋਸੇਯੋਗਤਾ ਵਧੇਗੀ ਅਤੇ ਇਹ ਸਫਲਤਾ ਦੀ ਲੀਹ ਤੇ ਹੋਰ ਅੱਗੇ ਜਾਵੇਗਾ । ਉਹਨਾਂ ਦੱਸਿਆ ਕਿ ਕਾਲਜ ਨੂੰ ਇਹ ਦਰਜਾ ਪ੍ਰਾਪਤ ਹੋਣ ਨਾਲ ਇਹ ਪਿਛਲੇ ਸਾਲਾਂ ਵਾਂਗ ਪੂਰੀ ਤਨਦੇਹੀ ਅਤੇ ਲਗਨ ਨਾਲ ਵਿਦਿਆਰਥੀਆਂ ਨੂੰ ਸਮਾਜ ਅਤੇ ਰੁਜ਼ਗਾਰ ਦੀਆਂ ਜ਼ਰੂਰਤਾਂ ਅਨੁਸਾਰ ਮਿਆਰੀ ਸਿੱਖਿਆ ਪ੍ਰਦਾਨ ਕਰਦਾ ਰਹੇਗਾ।ਉਹਨਾਂ ਕਿਹਾ ਕਿ ਕਾਲਜ ਦੇ ਮਾਟੋ ‘ਹਨੇਰੇ ਤੋ ਰੌਸ਼ਨੀ ਵੱਲ ਲੈ ਕੇ ਜਾਣ’ ਨੂੰ ਸੱਚ ਕਰਨ ਲਈ ਕਾਲਜ ਸਟਾਫ਼ ਦੁਆਰਾ ਕੀਤੀ ਸਖ਼ਤ ਮਿਹਨਤ ਦੇ ਨਤੀਜੇ ਵਜੋਂ ਇਹ ਮਾਨਤਾ ਪ੍ਰਾਪਤ ਹੋਈ ਹੈ ਜਿਸ ਵਿੱਚ ਸ਼ਾਨਦਾਰ ਅਕਾਦਮਿਕ ਢਾਂਚੇ ਅਤੇ ਨੀਤੀਆਂ ਦਾ ਵੱਡਾ ਯੋਗਦਾਨ ਹੈ ।
ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਮੈਂਬਰ ਪ੍ਰੋ. ਸੁਰਿੰਦਰ ਲਾਲ ਨੇ ਪ੍ਰਿੰਸੀਪਲ ਅਤੇ ਸਟਾਫ਼ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ‘ਕਾਲਜ ਲਗਾਤਾਰ ਤਰੱਕੀ ਦੀ ਰਾਹ ਤੇ ਹੈ । ਵਰਤਮਾਨ ਸਮੇਂ ਕਾਲਜ- ਕੈਂਪਸ ਵਿੱਚ 4000 ਤੋ ਵੱਧ ਵਿਦਿਆਰਥੀ ਹਨ । ਇਹ ਸਾਫ਼-ਸੁਥਰਾ, ਹਰਿਆ ਭਰਿਆ ਅਤੇ ਸਮਾਰਟ ਕੈਂਪਸ ਪੂਰੇ ਭਾਰਤ ਦੇ ਵਿਦਿਆਰਥੀਆਂ ਲਈ ਪਸੰਦ ਦਾ ਸਥਾਨ ਬਣ ਗਿਆ ਹੈ । ਉਮੀਦਵਾਰ ਵਧੀਆ ਬੁਨਿਆਦੀ ਢਾਂਚੇ, ਅਕਾਦਮਿਕ ਮਾਹੌਲ, ਕੈਂਪਸ ਵਿੱਚ ਅਨੁਸ਼ਾਸਨ, ਸ਼ਾਨਦਾਰ ਪਲੇਸਮੈਂਟ, ਇਨਕਿਊਬੇਸ਼ਨ ਸੁਵਿਧਾਵਾਂ, ਉਦਮਤਾ ਅਤੇ ਨਵੀਨਤਾ ਲਈ ਸਹੂਲਤਾਂ, ਸਮਰੱਥ ਫੈਕਲਟੀ ਅਤੇ ਤਕਨੀਕੀ, ਸਭਿਆਚਾਰਕ ਅਤੇ ਖੇਡ ਗਤੀਵਿਧੀਆਂ ਲਈ ਦਿੱਤੇ ਗਏ ਉਤਸ਼ਾਹ ਵੱਲ ਖਿੱਚੇ ਆਉਂਦੇ ਹਨ । ਕਾਲਜ ਦੇ ਰਜਿਸਟਰਾਰ ਡਾ. ਅਜੀਤ ਕੁਮਾਰ ਨੇ ਇਸ ਮੌਕੇ ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਹ ਖ਼ੁਦਮੁਖ਼ਤਿਆਰੀ ਦਾ ਦਰਜਾ ਕਾਲਜ ਲਈ ਸਮਾਜ ਅਤੇ ਉਦਯੋਗ ਦੀਆਂ ਲੋੜਾਂ ਨੂੰ ਪਛਾਣ ਕੇ ਪਾਠਕ੍ਰਮ ਤਿਆਰ ਕਰਨ, ਚੋਣਵੇਂ ਕੋਰਸ ਤਿਆਰ ਕਰਨ, ਹੋਰ ਵਿਦਿਅਕ ਸੰਸਥਾਵਾਂ ਨਾਲ ਸਹਿਯੋਗ ਵਿੱਚ ਕੰਮ ਕਰਨ ਅਤੇ ਵਿਦਿਆਰਥੀਆਂ ਦਾ ਨਿਰੰਤਰ ਮੁਲਾਂਕਣ ਕਰਨ ਲਈ ਸੁਵਿਧਾਜਨਕ ਬਣ ਜਾਵੇਗਾ। ਕਾਲਜ ਵਿੱਚ ਪਹਿਲਾ ਹੀ ਸਥਾਪਿਤ ‘ਵਿਦਿਆਰਥੀ ਕੇਂਦਰਿਤ ਮਾਡਲ’ ਕਾਰਨ ਕਾਲਜ ਨੂੰ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਦੁਆਰਾ ਇਹ ਮਾਨਤਾ ਪ੍ਰਾਪਤ ਹੋਈ ਹੈ । ਇਸ ਮੌਕੇ ਤੇ ਕਾਲਜ ਦਾ ਸਮੂਹ ਸਟਾਫ਼ ਹਾਜ਼ਰ ਸੀ ।
