ਪੰਜਾਬੀ ਯੂਨੀਵਰਸਿਟੀ ਵਿਖੇ 10ਵੇਂ ਨੋਰ੍ਹਾ ਰਿਚਰਡਜ਼ ਥੀਏਟਰ ਫ਼ੈਸਟੀਵਲ ਵਿੱਚ ਹੋਈ ਨਾਟਕ '15 ਦਿਨ' ਦੀ ਸਫਲ ਪੇਸ਼ਕਾਰੀ

ਦੁਆਰਾ: Punjab Bani ਪ੍ਰਕਾਸ਼ਿਤ :Thursday, 05 December, 2024, 04:14 PM

ਪੰਜਾਬੀ ਯੂਨੀਵਰਸਿਟੀ ਵਿਖੇ 10ਵੇਂ ਨੋਰ੍ਹਾ ਰਿਚਰਡਜ਼ ਥੀਏਟਰ ਫ਼ੈਸਟੀਵਲ ਵਿੱਚ ਹੋਈ ਨਾਟਕ ’15 ਦਿਨ’ ਦੀ ਸਫਲ ਪੇਸ਼ਕਾਰੀ
-ਰੂ-ਬ-ਰੂ ਵਾਲ਼ੇ ਸ਼ੈਸਨ ਦੌਰਾਨ ਪੰਜਾਬੀ ਰੰਗਮੰਚ ਤੇ ਫਿਲਮੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਅਤੇ ਸਵਰਨ ਸਿੰਘ ਭੰਗੂ ਨੇ ਕੀਤੇ ਤਜਰਬੇ ਸਾਂਝੇ
ਪਟਿਆਲਾ, 5 ਦਸੰਬਰ : ਯੁਵਕ ਭਲਾਈ ਵਿਭਾਗ ਅਤੇ ਪੰਜਾਬ ਸੰਗੀਤ ਅਕਾਦਮੀ ਚੰਡੀਗੜ੍ਹ ਦੇ ਸਹਿਯੋਗ ਨਾਲ਼ ਸਾਰਥਕ ਰੰਗਮੰਚ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ, ਪਟਿਆਲਾ ਵਲੋਂ ਕਰਵਾਏ ਜਾ ਰਹੇ 10ਵੇਂ ਨੋਰ੍ਹਾ ਰਿਚਰਡਜ਼ ਥੀਏਟਰ ਫ਼ੈਸਟੀਵਲ ਦੇ ਤੀਜੇ ਦਿਨ ਸਾਰਥਕ ਰੰਗਮੰਚ ਵੱਲੋਂ ਰਾਜਵਿੰਦਰ ਤੇ ਡਾ. ਲੱਖਾ ਲਹਿਰੀ ਦਾ ਲਿਖਿਆ ਨਾਟਕ ’15 ਦਿਨ’ ਪੇਸ਼ ਕੀਤਾ ਗਿਆ। ਇਸ ਨਾਟਕ ਨੂੰ ਡਾ. ਲੱਖਾ ਲਹਿਰੀ ਨੇ ਨਿਰਦੇਸ਼ਿਤ ਕੀਤਾ ਸੀ । ਨਾਟਕ ਨੇ ਆਪਣੀ ਪੇਸ਼ਕਾਰੀ ਨਾਲ਼ ਲੋਕਾਂ ਨੂੰ ਹਸਾਇਆ ਵੀ ਤੇ ਸੰਜੀਦਾ ਵੀ ਕੀਤਾ । ‘15 ਦਿਨ’ ਨਾਟਕ ਵਿੱਚ ਪਤੀ ਪਤਨੀ ਅਦਾਲਤ ਵਿੱਚ ਤਲਾਕ ਲੈਣ ਲਈ ਆਉਂਦੇ ਹਨ ਪਰ ਜੱਜ ਉਹਨਾਂ ਨੂੰ ਅਦਾਲਤ ਦੇ ਖਰਚੇ ‘ਤੇ ਪੰਦਰਾਂ ਦਿਨਾਂ ਲਈ ਹੋਟਲ ਦੇ ਇੱਕ ਕਮਰੇ ਵਿੱਚ ਇਕੱਠਿਆਂ ਰਹਿਣ ਦਾ ਹੁਕਮ ਸੁਣਾ ਦਿੰਦਾ ਹੈ। ਸਥਿਤੀ ਤਲਾਕ ਤੱਕ ਪਹੁੰਚੀ ਹੋਵੇ ਤੇ ਪਤੀ-ਪਤਨੀ ਨੂੰ ਇਕੱਠਿਆਂ ਰਹਿਣਾ ਪੈ ਜਾਵੇ ਤਾਂ ਲੋਕਾਂ ਲਈ ਤਾਂ ਹਾਸਾ ਹੀ ਹੋਵੇਗਾ ਪਰ ਨਾਟਕ ਹਾਸਰਸ ਦੇ ਨਾਲ਼-ਨਾਲ਼ ਕਈ ਸੰਜੀਦਾ ਤੇ ਗੰਭੀਰ ਮੁੱਦਿਆਂ ਵੱਲ ਵੀ ਇਸ਼ਾਰਾ ਕਰਦਾ ਹੈ ।
ਇਹ ਨਾਟਕ ਪਤੀ-ਪਤਨੀ ਦੇ ਸੂਖਮ ਸੰਬੰਧਾਂ ‘ਤੇ ਕੇਂਦਰਿਤ ਨਾਟਕ ਹੈ, ਜਿਸ ਵਿੱਚ ਸ਼ੱਕ, ਪਿਆਰ, ਵਿਸ਼ਵਾਸ, ਅਣਗਹਿਲੀ, ਅਪਣੱਤ, ਉਮੀਦ ਤੇ ਇੱਛਾਵਾਂ ਸਭ ਕੁਝ ਹੁੰਦਾ ਹੈ ਪਰ ਇਹਨਾਂ ਨੂੰ ਸਮਝਣਾ ਤੇ ਅਮਲ ਕਰਨਾ ਦੋਨਾਂ ਲਈ ਹੀ ਚੁਣੌਤੀ ਭਰਪੂਰ ਹੁੰਦਾ ਹੈ। ਕਈ ਵਾਰ ਇਸ ਰਿਸ਼ਤੇ ਦੀ ਗਹਿਰਾਈ ਨੂੰ ਸਮਝਣ ਵਿੱਚ ਚੂਕ ਹੋ ਜਾਂਦੀ ਹੈ, ਜਿਸ ਕਰਕੇ ਰਿਸ਼ਤੇ ਵਿੱਚ ਵਿੱਥ ਵਧਦੀ ਜਾਂਦੀ ਹੈ ਜਿਸ ਨੂੰ ਸਾਕ-ਸਬੰਧੀ ਤੇ ਰਿਸ਼ਤੇਦਾਰ ਉਹਨਾਂ ਨੂੰ ਸ਼ਹਿ ਦੇ ਕੇ ਅਣਜਾਣੇ ਵਿੱਚ ਹੀ ਵਿੱਥ ਨੂੰ ਘਟਾਉਣ ਦੀ ਬਜਾਏ ਵਧਾ ਦਿੰਦੇ ਹਨ । ਨਾਟਕ ਇਸ ਰਿਸ਼ਤੇ ਵਿੱਚ ਆਈਆਂ ਉਹਨਾਂ ਕੁੜੱਤਣਾਂ ਨੂੰ ਉਜਾਗਰ ਕਰਦਾ ਹੈ, ਜੋ ਉਹ ਆਪਣੇ ਅੰਦਰ ਮਹਿਸੂਸ ਤਾਂ ਕਰਦੇ ਹਨ ਪਰ ਕਿਸੇ ਕਾਰਨ ਕਹਿ ਨਹੀਂ ਪਾਉਂਦੇ । ਇਹੀ ਛੋਟੀਆਂ ਛੋਟੀਆਂ ਗੱਲਾਂ ਹੀ ਰਿਸ਼ਤੇ ਵਿੱਚ ਖਟਾਸ ਪੈਦਾ ਕਰਦੀਆਂ ਹਨ ਤੇ ਨਤੀਜੇ ਤਲਾਕ ਤੱਕ ਪਹੁੰਚ ਜਾਂਦੇ ਹਨ।
ਇਸ ਮੌਕੇ ਪੁੱਜੇ ਸਾਬਕਾ ਡੀਨ ਅਕਾਦਮਿਕ ਮਾਮਲੇ ਡਾ. ਇੰਦਰਜੀਤ ਸਿੰਘ ਨੇ ਸਾਰਥਕ ਰੰਗਮੰਚ ਪਟਿਆਲਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਸੰਸਥਾ ਲਗਾਤਾਰ ਇਹ ਫੈਸਟੀਵਲ ਕਰਵਾ ਰਹੀ ਹੈ । ਨਾਟਕ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਕਮੇਡੀ ਨੂੰ ਸਾਰਥਕ ਤਰੀਕੇ ਨਾਲ਼ ਪੇਸ਼ ਕਰਨਾ ਸੌਖਾ ਨਹੀਂ ਹੁੰਦਾ ਪਰ ਇਹਨਾਂ ਨੇ ਇਹ ਕੰਮ ਬਾਖੂਬੀ ਨਿਭਾਇਆ ਹੈ । ਮੁੱਖ ਮਹਿਮਾਨ ਵਜੋਂ ਪੁੱਜੇ ਆਰ. ਟੀ. ਓ. ਪਟਿਆਲਾ, ਸ਼੍ਰੀ ਨਮਨ ਮੜਕਨ ਨੇ ਨਾਟਕ ਉਪਰੰਤ ਨਾਟਕ ਦੇ ਸਾਰੇ ਕਲਾਕਾਰਾਂ ਦੀ ਪ੍ਰਸ਼ੰਸਾ ਕੀਤੀ ।
ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਵਰਿੰਦਰ ਕੌਸ਼ਿਕ ਨੇ ਉਹਨਾਂ ਨੂੰ ਸਨਮਾਨਿਤ ਕੀਤਾ । ਇਸ ਪੇਸ਼ਕਾਰੀ ਦੌਰਾਨ ਫ਼ਿਲਮ ਲੇਖਕ ਨਿਰਦੇਸ਼ਕ ਹੈਪੀ ਰੋਡੇ, ਡਾ. ਕੁਲਦੀਪ ਕੌਰ, ਲਕਸ਼ਮੀ ਨਰਾਇਣ ਭੀਖੀ, ਰਵੀ ਭੂਸ਼ਨ ਵਰਗੀਆਂ ਸ਼ਖ਼ਸੀਅਤਾਂ ਨੇ ਨਾਟਕ ਦਾ ਅਨੰਦ ਮਾਣਿਆ । ਫ਼ੈਸਟੀਵਲ ਡਾਇਰੈਕਟਰ ਡਾ. ਇੰਦਰਜੀਤ ਗੋਲਡੀ ਨੇ ਨੋਰ੍ਹਾ ਰਿਚਰਡਜ਼ ਦੀ ਪੰਜਾਬੀ ਰੰਗਮੰਚ ਨੂੰ ਦੇਣ ਬਾਰੇ ਚਾਨਣਾ ਪਾਇਆ ਅਤੇ ਆਏ ਹੋਏ ਮਹਿਮਾਨਾਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ । ਸਵੇਰ ਦੇ ਰੂ-ਬ-ਰੂ ਵਾਲ਼ੇ ਸ਼ੈਸਨ ਦੌਰਾਨ ਪੰਜਾਬੀ ਰੰਗਮੰਚ ਤੇ ਫਿਲਮੀ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਅਤੇ ਸਵਰਨ ਸਿੰਘ ਭੰਗੂ ਨੇ ਦਰਸ਼ਕਾਂ ਨਾਲ਼ ਆਪਣੇ ਰੰਗਮੰਚ ਤੇ ਫ਼ਿਲਮੀ ਸਫ਼ਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਤੇ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਉਹਨਾਂ ਕਿਹਾ ਕਿ ਹਰ ਸਫਲਤਾ ਦੇ ਪਿੱਛੇ ਇੱਕ ਲੰਬਾ ਸੰਘਰਸ਼ ਤੇ ਲੜਾਈ ਹੁੰਦੀ ਹੈ। ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਔਰਤ ਨੂੰ ਆਪਣੇ ਕੰਮ ਤੇ ਗ੍ਰਹਿਸਥੀ ਵਿੱਚ ਤਾਲਮੇਲ ਬਿਠਾਉਣਾ ਬਹੁਤ ਜਰੂਰੀ ਹੈ। ਉਹਨਾਂ ਇਹ ਵੀ ਕਿਹਾ ਕਿ ਅਨੁਸ਼ਾਸਨ ਤੇ ਸਮੇਂ ਦੀ ਕਦਰ ਕਰਨ ਵਾਲੇ ਹੀ ਆਪਣੇ ਸੁਪਨੇ ਸਾਕਾਰ ਕਰ ਸਕਦੇ ਹਨ । ਸਵਰਨ ਸਿੰਘ ਭੰਗੂ ਨੇ ਕਿਹਾ ਕਿ ਕੁਦਰਤ ਸਾਨੂੰ ਜ਼ਿੰਦਗੀ ਦਿੰਦੀ ਹੈ ਇਸ ਲਈ ਕੁਦਰਤ ਨੂੰ ਬਚਾਉਣ ਪ੍ਰਤੀ ਸਾਡਾ ਵੀ ਫਰਜ਼ ਬਣਦਾ ਹੈ।
ਅੰਤ ਵਿੱਚ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਹਿੱਤ ਟਵੰਟੀ ਵਨ ਸੈਂਚਰੀ ਪਬਲੀਕੇਸ਼ਨ ਵੱਲੋਂ ਪ੍ਰਕਾਸ਼ਿਤ ਕਰਮ ਸਿੰਘ ਹਿਸਟੋਰੀਅਨ ਦੁਆਰਾ ਰਚਿਤ ਪੁਸਤਕ ‘ਬਾਬਾ ਬੰਦਾ ਸਿੰਘ ਬਹਾਦਰ’ ਭੰਗੂ ਜੋੜੀ ਵੱਲੋਂ ਰਿਲੀਜ਼ ਕੀਤੀ ਗਈ ।