ਚੀਨ ਨਾਲ ਸਬੰਧਾਂ ਦੇ ਵਿਕਾਸ ਲਈ ਸਰਹੱਦ ’ਤੇ ਸ਼ਾਂਤੀ ਜ਼ਰੂਰੀ : ਜੈਸ਼ੰਕਰ

ਦੁਆਰਾ: Punjab Bani ਪ੍ਰਕਾਸ਼ਿਤ :Wednesday, 04 December, 2024, 08:50 AM

ਚੀਨ ਨਾਲ ਸਬੰਧਾਂ ਦੇ ਵਿਕਾਸ ਲਈ ਸਰਹੱਦ ’ਤੇ ਸ਼ਾਂਤੀ ਜ਼ਰੂਰੀ : ਜੈਸ਼ੰਕਰ
ਨਵੀਂ ਦਿੱਲੀ : ਭਾਰਤ ਦੇਸ਼ ਦੇ ਕੇਂਦਰੀ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਲੋਕ ਸਭਾ ’ਚ ਭਾਰਤ-ਚੀਨ ਸਬੰਧਾਂ ਦੀ ਇਤਿਹਾਸਕ ਪਿੱਠਭੂਮੀ ਅਤੇ ਗਲਵਾਨ ਘਾਟੀ ਦੀ ਝੜਪ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤ ਤੇ ਚੀਨ ਦੇ ਸਬੰਧ 2020 ਤੋਂ ਵਿਗੜੇ ਰਹੇ ਜਦੋਂ ਚੀਨ ਦੀਆਂ ਕਾਰਵਾਈਆਂ ਕਾਰਨ ਸਰਹੱਦੀ ਖੇਤਰ ’ਚ ਸ਼ਾਂਤੀ ਦੀ ਸਥਿਤੀ ਭੰਗ ਹੋਈ । ਜੈਸ਼ੰਕਰ ਨੇ ਕਿਹਾ ਕਿ ਕਈ ਗੇੜਾਂ ਦੀ ਪ੍ਰਕਿਰਿਆ ਰਾਹੀਂ ਪੂਰਬੀ ਲੱਦਾਖ ’ਚ ਸੈਨਿਕਾਂ ਦੀ ਵਾਪਸੀ ਦਾ ਕੰਮ ਮੁਕੰਮਲ ਹੋ ਗਿਆ ਹੈ । ਉਨ੍ਹਾਂ ਕਿਹਾ ਕਿ ਦੇਪਸਾਂਗ ਤੇ ਡੈਮਚੌਕ ’ਚ ਇਹ ਪ੍ਰਕਿਰਿਆ ਮੁਕੰਮਲ ਹੋਣੀ ਹੈ । ਵਿਦੇਸ਼ ਮੰਤਰੀ ਅਨੁਸਾਰ ਭਾਰਤ ਇਸ ਗੱਲ ਨੂੰ ਲੈ ਕੇ ਬਹੁਤ ਸਪੱਸ਼ਟ ਸੀ ਕਿ ਸਾਰੀਆਂ ਸਥਿਤੀਆਂ ’ਚ ਤਿੰਨ ਪ੍ਰਮੁੱਖ ਸਿਧਾਂਤਾਂ ਦਾ ਪਾਲਣ ਕੀਤਾ ਜਾਣਾ ਚਾਹੀਦਾ ਹੈ । ਉਨ੍ਹਾਂ ਤਿੰਨੇ ਸਿਧਾਂਤ ਸਮਝਾਉਂਦਿਆਂ ਕਿਹਾ ਕਿ ਦੋਵਾਂ ਧਿਰਾਂ ਨੂੰ ਅਸਲ ਕੰਟਰੋਲ ਰੇਖਾ ਦਾ ਸਖਤੀ ਨਾਲ ਪਾਲਣ ਤੇ ਸਨਮਾਨ ਕਰਨਾ ਚਾਹੀਦਾ ਹੈ ਅਤੇ ਕਿਸੇ ਵੀ ਧਿਰ ਨੂੰ ਸਥਿਤੀ ਬਦਲਣ ਦੀ ਇਕਪਾਸੜ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਹੈ । ਭਾਰਤ ਨੇ ਕਿਹਾ ਕਿ ਉਹ ਸਰਹੱਦੀ ਮੁੱਦਿਆਂ ਦਾ ਨਿਰਪੱਖ ਤੇ ਆਪਸੀ ਤਾਲਮੇਲ ਨਾਲ ਸਵੀਕਾਰਨਯੋਗ ਹੱਲ ਕੱਢਣ ਲਈ ਚੀਨ ਨਾਲ ਸੰਪਰਕ ’ਚ ਬਣੇ ਰਹਿਣ ਲਈ ਪ੍ਰਤੀਬੱਧ ਹੈ ਪਰ ਦੋਵਾਂ ਮੁਲਕਾਂ ਵਿਚਾਲੇ ਰਿਸ਼ਤੇ ਅਸਲ ਕੰਟਰੋਲ ਰੇਖਾ (ਐੱਲਏਸੀ) ਦੀ ਮਰਿਆਦਾ ਦਾ ਸਖ਼ਤੀ ਨਾਲ ਸਨਮਾਨ ਕਰਨ ਅਤੇ ਸਮਝੌਤਿਆਂ ਦਾ ਪਾਲਣ ਕਰਨ ’ਤੇ ਨਿਰਭਰ ਕਰਨਗੇ ।