ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਉਚ ਪੱਧਰੀ ਹੋਵੇ ਜਾਂਚ : ਪ੍ਰੋ. ਬਡੂੰਗਰ
ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਉਚ ਪੱਧਰੀ ਹੋਵੇ ਜਾਂਚ : ਪ੍ਰੋ. ਬਡੂੰਗਰ
ਪਟਿਆਲਾ 4 ਦਸੰਬਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਸ. ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਪੰਥ ਵਿਰੋਧੀ ਤਾਕਤਾਂ ਜਿਥੇ ਲਗਾਤਾਰ ਸਿਰਮੌਰ ਸੰਸਥਾਵਾਂ ਨੂੰ ਨਿਸ਼ਾਨੇ ’ਤੇ ਲੈ ਰਹੀ ਹਨ, ਉਥੇ ਹੀ ਪੰਥਕ ਤੇ ਰਾਜਸੀ ਧਿਰ ਸ਼ੋ੍ਰਮਣੀ ਅਕਾਲੀ ਦਲ ਨੂੰ ਅਜਿਹੀਆਂ ਕੁਝ ਵਿਰੋਧੀ ਧਿਰਾਂ ਨੇ ਆਪਣੇ ਏਜੰਡੇ ’ਤੇ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ’ਤੇ ਕੀਤਾ ਹਮਲਾ ਇਕ ਵੱਡੀ ਸਾਜਿਸ਼ ਹੈ, ਜਿਸ ਦੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ । ਪ੍ਰੋ. ਬਡੂੰਗਰ ਨੇ ਕਿਹਾ ਕਿ ਇਕ ਨਿਮਾਣੇ ਸਿੱਖ ਵਜੋਂ ਸ. ਸੁਖਬੀਰ ਸਿੰਘ ਬਾਦਲ ਨੇ ਖੁਦ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਪੇਸ਼ ਕੀਤਾ ਜਿਥੋਂ ਉਨ੍ਹਾਂ ਨੂੰ ਪੰਜ ਸਾਹਿਬਾਨ ਵੱਲੋਂ ਜੋ ਆਦੇਸ਼ ਹੋਇਆ ਉਹ ਸੇਵਾ ਦੇ ਨਿਭਾ ਰਹੇ ਸਨ, ਪ੍ਰੰਤੂ ਸਿੱਖੀ ਪਹਿਰਾਵੇ ਵਿਚ ਅਜਿਹੇ ਲੋਕ ਆਪਣੇ ਏਜੰਡਿਆਂ ਤਹਿਤ ਅੱਗੇ ਵੱਧ ਰਹੇ ਹਨ, ਜਿਨ੍ਹਾਂ ਨੂੰ ਪਿੱਛੋਂ ਅਜਿਹੇ ਲੋਕਾਂ ਦੀ ਸ਼ਹਿ ਹੈ, ਜੋ ਪੰਥ ਤੇ ਕੌਮ ਦਾ ਵੱਡਾ ਨੁਕਸਾਨ ਕਰਨ ਵਿਚ ਲੱਗੀਆਂ ਹੋਈਆਂ ਹਨ । ਪ੍ਰੋ. ਬਡੂੰਗਰ ਨੇ ਕਿਹਾ ਕਿ ਸਿੱਖਾਂ ਦੀਆਂ ਅਜਿਹੀਆਂ ਸੰਸਥਾਵਾਂ ਜਿਥੋਂ ਗੁਰੂ ਸਾਹਿਬ ਦਾ ਫਲਸਫਾ ਸਰਬੱਤ ਦੇ ਭਲੇ ਦੀ ਗੱਲ ਕਰਦਾ, ਅਜਿਹੇ ਮੁਕੱਦਸ ਅਸਥਾਨ ’ਤੇ ਅਜਿਹੀਆਂ ਘਟਨਾਵਾਂ ਦਾ ਵਾਪਰਨਾ ਬੇਹੱਦ ਮੰਦਭਾਗਾ ਹੈ । ਪ੍ਰੋ. ਬਡੂੰਗਰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਤੋਂ ਮੰਗ ਕੀਤੀ ਹੈ ਕਿ ਇਸ ਘਟਨਾ ਪ੍ਰਤੀ ਜਿਹੜੀਆਂ ਵੀ ਤਾਕਤਾਂ ਹਨ ਉਨ੍ਹਾਂ ਨੂੰ ਬੇਨਕਾਬ ਕੀਤਾ ਜਾਵੇ ਅਤੇ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਕਰਨ ਵਾਲੀਆਂ ਅਜਿਹੀਆਂ ਸਾਜਿਸ਼ਾਂ ਨੂੰ ਬੇਨਕਾਬ ਕਰਨ ਲਈ ਉਚ ਪੱਧਰੀ ਜਾਂਚ ਕੀਤੀ ਜਾਣੀ ਬੇਹੱਦ ਜ਼ਰੂਰੀ ਹੈ ।