10ਵੇਂ ਨੋਰ੍ਹਾ ਰਿਚਰਡ ਥੀਏਟਰ ਫੈਸਟੀਵਲ ਦੇ ਦੂਜੇ ਦਿਨ 'ਕਰ ਲਓ ਘਿਓ ਨੂੰ ਭਾਂਡਾ' ਨਾਟਕ ਖੇਡਿਆ

10ਵੇਂ ਨੋਰ੍ਹਾ ਰਿਚਰਡ ਥੀਏਟਰ ਫੈਸਟੀਵਲ ਦੇ ਦੂਜੇ ਦਿਨ ‘ਕਰ ਲਓ ਘਿਓ ਨੂੰ ਭਾਂਡਾ’ ਨਾਟਕ ਖੇਡਿਆ
-ਪਹਿਲੇ ਸੈਸ਼ਨ ਵਿੱਚ ਫ਼ਿਲਮੀ ਕਲਾਕਾਰ ਕਰਤਾਰ ਚੀਮਾ ਦਾ ਰੂ-ਬ-ਰੂ ਕਰਵਾਇਆ
ਪਟਿਆਲਾ, 4 ਦਸੰਬਰ : ਯੁਵਕ ਭਲਾਈ ਵਿਭਾਗ ਅਤੇ ਪੰਜਾਬ ਸੰਗੀਤ ਅਕਾਦਮੀ ਚੰਡੀਗੜ੍ਹ ਦੇ ਸਹਿਯੋਗ ਨਾਲ ਸਾਰਥਕ ਰੰਗਮੰਚ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ, ਪਟਿਆਲਾ ਵਲੋਂ ਕਰਵਾਏ ਜਾ ਰਹੇ 10ਵੇਂ ਨੋਰ੍ਹਾ ਰਿਚਰਡ ਥੀਏਟਰ ਫੈਸਟੀਵਲ ਦੇ ਦੂਜੇ ਦਿਨ ਸਾਰਥਕ ਰੰਗਮੰਚ ਵੱਲੋਂ ਜੈਵਰਧਨ ਦੇ ਹਿੰਦੀ ਨਾਟਕ ‘ਹਾਏ ਹੈਂਡਸਮ’ ਦਾ ਪੰਜਾਬੀ ਰੂਪਾਂਤਰ ‘ਕਰ ਲਓ ਘਿਓ ਨੂੰ ਭਾਂਡਾ’ ਖੇਡਿਆ ਗਿਆ । ਇਸ ਨਾਟਕ ਦਾ ਪੰਜਾਬੀ ਰੂਪਾਂਤਰ ਤੇ ਨਿਰਦੇਸ਼ਨ ਡਾ. ਲੱਖਾ ਲਹਿਰੀ ਨੇ ਕੀਤਾ । ਇਹ ਨਾਟਕ ਇੱਕ ‘ਸਿਚੂਏਸ਼ਨਲ ਕਮੇਡੀ’ ਸੀ ਜਿਸ ਵਿੱਚ ਅਜੋਕੇ ਦੌਰ ਦੇ ਗੰਭੀਰ ਮਸਲਿਆਂ ਨੂੰ ਹਲਕੇ-ਫੁਲਕੇ ਅੰਦਾਜ਼ ਵਿੱਚ ਪਰੋਇਆ ਗਿਆ ਸੀ । ਨਵੀਂ ਪੀੜ੍ਹੀ ਵੱਲੋਂ ਆਪਣਾ ਕਰੀਅਰ ਬਣਾਉਣ ਦੀ ਲਾਲਸਾ ਵਿੱਚ ਮਨੁੱਖੀ ਕਦਰਾਂ ਕੀਮਤਾਂ ਨੂੰ ਭੁਲਾ ਕੇ ਆਪਣੇ ਮਾਪਿਆਂ ਨੂੰ ਅਣਗੌਲਿਆਂ ਕਰਕੇ ਇਕੱਲਤਾ ਦੀ ਅੱਗ ਵਿੱਚ ਝੋਕਣਾ, ਦੱਬੂ ਤੇ ਗੁਲਾਮ ਕਿਸਮ ਦੇ ਪਤੀ ਦਾ ਆਪਣੀ ਮਾਡਰਨ ਪਤਨੀ ਸਾਹਮਣੇ ਗਿੜ-ਗਿੜਾਉਣਾ, ਨੌਕਰ ਦਾ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਹੋਣਾ ਤੇ ਆਪਣਾ ਰਵੱਈਆ ਦਿਖਾਉਣਾ ਅਤੇ ਬਜ਼ੁਰਗਾਂ ਦਾ ਆਪਣੇ ਇਕੱਲੇਪਣ ਨੂੰ ਖਤਮ ਕਰਨ ਲਈ ਆਪਣੇ ਵਾਸਤੇ ਕਿਸੇ ਸਾਥੀ ਦੀ ਤਲਾਸ਼ ਕਰਨ ਵਰਗੀਆਂ ਸਥਿਤੀਆਂ ਜਿੱਥੇ ਦਰਸ਼ਕਾਂ ਲਈ ਹੱਸਣ ਦਾ ਕਾਰਨ ਬਣੀਆਂ, ਉੱਥੇ ਸੋਚਣ ਲਈ ਮਜਬੂਰ ਵੀ ਕੀਤਾ ।
ਨਾਟਕ ਵਿੱਚ ਹਰ ਕਲਾਕਾਰ ਨੇ ਆਪਣੇ ਕਿਰਦਾਰ ਨਾਲ਼ ਇੱਕ-ਮਿਕ ਹੋ ਕੇ ਅਦਾਕਾਰੀ ਕੀਤੀ। ਕਰਮਨ ਸਿੱਧੂ ਨੇ ਕਰਨਲ ਦੇ ਕਿਰਦਾਰ ਨੂੰ ਸਹਿਜਤਾ ਨਾਲ ਨਿਭਾਇਆ। ਟਾਪੁਰ ਸ਼ਰਮਾ ਨੇ ਮਾਡਲ ਲੜਕੀ, ਜੋ ਪਤੀ ਨੂੰ ਦਬਾ ਕੇ ਰੱਖਦੀ ਹੈ ਤੇ ਵਿਸ਼ਾਲ ਸੋਨਵਾਲ ਨੇ ਦੱਬੂ ਪਤੀ ਦਾ ਰੋਲ ਬਾਖੂਬੀ ਨਿਭਾਇਆ । ਨੌਕਰ ਦੇ ਰੋਲ ਵਿੱਚ ਮਨਪ੍ਰੀਤ ਸਿੰਘ ਨੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਮਾਇਆ ਦੇਵੀ ਦਾ ਕਿਰਦਾਰ ਬਹਾਰ ਗਰੋਵਰ ਤੇ ਪੀ. ਕੇ. ਦਾ ਕੁਲਤਰਨ ਗਿੱਲ ਨੇ ਬੜੇ ਹੀ ਚੁਲਬੁਲੇ ਤੇ ਸੰਜੀਦਾ ਢੰਗ ਨਾਲ ਨਿਭਾਇਆ । ਰੌਸ਼ਨੀ ਦੀ ਅਹਿਮ ਜਿੰਮੇਵਾਰੀ ਉੱਤਮ ਦਰਾਲ ਤੇ ਮਿਊਜ਼ਿਕ ਦੀ ਨੈਨਸੀ ਨੇ ਬਾਖੂਬੀ ਨਿਭਾਈ ।
ਇਸ ਮੌਕੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਵਰਿੰਦਰ ਕੌਸ਼ਿਕ ਨੇ ਨਾਟਕ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਰੰਗਮੰਚ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਜੋ ਸਾਨੂੰ ਸਾਡੇ ਚੰਗੇ ਬੁਰੇ ਬਾਰੇ ਦੱਸਦਾ ਹੈ ਅਤੇ ਸਾਡਾ ਰਾਹ ਦਸੇਰਾ ਬਣਦਾ ਹੈ । ਮੁੱਖ ਮਹਿਮਾਨ ਵਜੋਂ ਪੁੱਜੇ ਆਰ. ਟੀ. ਓ. ਪਟਿਆਲਾ ਸ਼੍ਰੀ ਨਮਨ ਮੜਕਨ ਨੇ ਨਾਟਕ ਉਪਰੰਤ ਨਾਟਕ ਦੇ ਸਾਰੇ ਕਲਾਕਾਰਾਂ ਦੀ ਪ੍ਰਸ਼ੰਸ਼ਾ ਕੀਤੀ । ਇਸ ਨਾਟਕ ਨੂੰ ਦੇਖਣ ਪੁੱਜੇ ਦਰਸ਼ਕਾਂ ਵਿੱਚ ਡਾ. ਇੰਦਰਜੀਤ ਸਿੰਘ,ਸਾਬਕਾ ਡੀਨ ਅਕਾਦਮਿਕ ਮਾਮਲੇ, ਫਿਲਮ ਲੇਖਕ ਨਿਰਦੇਸ਼ਕ ਹੈਪੀ ਰੋਡੇ, ਡਾ. ਕੁਲਦੀਪ ਕੌਰ, ਲਕਸ਼ਮੀ ਨਰਾਇਣ ਭੀਖੀ, ਰਵੀ ਭੂਸ਼ਨ ਆਦਿ ਸ਼ਾਮਿਲ ਰਹੇ ।
ਫੈਸਟੀਵਲ ਡਾਇਰੈਕਟਰ ਡਾ. ਇੰਦਰਜੀਤ ਗੋਲਡੀ ਨੇ ਨੋਰ੍ਹਾ ਰਿਚਰਡਜ਼ ਦੀ ਪੰਜਾਬੀ ਰੰਗਮੰਚ ਨੂੰ ਦੇਣ ਬਾਰੇ ਚਾਨਣਾ ਪਾਇਆ ਅਤੇ ਆਏ ਹੋਏ ਮਹਿਮਾਨਾਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ । ਦੂਜੇ ਦਿਨ ਸਵੇਰ ਦੇ ਰੂ-ਬ-ਰੂ ਵਾਲੇ ਸ਼ੈਸਨ ਦੌਰਾਨ ਫਿਲਮੀ ਕਲਾਕਾਰ ਕਰਤਾਰ ਚੀਮਾ ਨੇ ਦਰਸ਼ਕਾਂ ਨਾਲ਼ ਆਪਣੇ ਰੰਗਮੰਚ ਤੇ ਫ਼ਿਲਮੀ ਸਫ਼ਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਤੇ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਕਲਾਕਾਰ ਲਈ ਚੰਗੀ ਸਿਹਤ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਸਰੀਰ ਹੀ ਅਦਾਕਾਰ ਦਾ ਗਹਿਣਾ ਹੁੰਦਾ ਹੈ । ਉਹਨਾਂ ਇਹ ਵੀ ਕਿਹਾ ਕਿ ਅਨੁਸ਼ਾਸਨ ਤੇ ਸਮੇਂ ਦੀ ਕਦਰ ਵਾਲੇ ਹੀ ਆਪਣੇ ਸੁਪਨੇ ਸਾਕਾਰ ਕਰ ਸਕਦੇ ਹਨ । ਅੰਤ ਵਿੱਚ ਚੀਮਾ ਵੱਲੋਂ ਟਵੰਟੀ ਵਨ ਸੈਂਚਰੀ ਪਬਲੀਕੇਸ਼ਨ ਵੱਲੋਂ ਪ੍ਰਕਾਸ਼ਿਤ ਅਤੇ ਸੁਖਦਿਆਲ ਸਿੰਘ ਦੁਆਰਾ ਰਚਿਤ ਪੁਸਤਕ ‘ਪੰਜ ਦਰਿਆਵਾਂ ਦੀ ਸ਼ੇਰਨੀ ਮਹਾਰਾਣੀ ਜਿੰਦ ਕੌਰ ਕਰਤਾਰ’ ਰਿਲੀਜ਼ ਕੀਤੀ ਗਈ ।
