‘ਆਪ’ ਵੱਲੋਂ ਭਾਜਪਾ ਆਗੂਆਂ ਖਿ਼ਲਾਫ਼ ਈ. ਡੀ. ਨੂੰ ਸ਼ਿਕਾਇਤ

‘ਆਪ’ ਵੱਲੋਂ ਭਾਜਪਾ ਆਗੂਆਂ ਖਿ਼ਲਾਫ਼ ਈ. ਡੀ. ਨੂੰ ਸ਼ਿਕਾਇਤ
ਨਵੀਂ ਦਿੱਲੀ : ਆਮ ਆਦਮੀ ਪਾਰਟੀ ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕੇਂਦਰੀ ਜਾਂਚ ਏਜੰਸੀ ਐੱਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੂੰ ਦਿੱਤੀ ਸ਼ਿਕਾਇਤ ਵਿਚ ਦਿੱਲੀ ਅਸੈਂਬਲੀ ਦੀਆਂ ਆਉਣ ਵਾਲੀਆਂ ਚੋਣਾਂ ਤੋਂ ਪਹਿਲਾਂ ਦੋ ਭਾਜਪਾ ਆਗੂਆਂ ਸਾਬਕਾ ਐੱਮ. ਪੀ. ਪਰਵੇਸ਼ ਵਰਮਾ ਤੇ ਸਾਬਕਾ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਉੱਤੇ ਲੋਕਾਂ ਨੂੰ ਕਥਿਤ ਪੈਸ ਵੰਡਣ ਦਾ ਦੋਸ਼ ਲਾਇਆ ਹੈ । ਸਿੰਘ ਨੇ ਈ. ਡੀ. ਉੱਤੇ ਵਰ੍ਹਦਿਆਂ ਕਿਹਾ ਕਿ ਸੰਘੀ ਏਜੰਸੀ ਨੇ ਉਨ੍ਹਾਂ ਦੀ ਸ਼ਿਕਾਇਤ ਲੈ ਲਈ ਪਰ ਅਧਿਕਾਰੀਆਂ ਨੇ ਪਾਰਟੀ ਵਫ਼ਦ ਨੂੰ ਮਿਲਣ ਤੋਂ ਨਾਂਹ ਕਰ ਦਿੱਤੀ ।ਸਿੰਘ ਨੇ ਕਿਹਾ ਕਿ ਉਨ੍ਹਾਂ ਈਮੇਲ ਜ਼ਰੀਏ ਈ. ਡੀ. ਅਧਿਕਾਰੀਆਂ ਨੂੰ ਸ਼ਾਮੀਂ 4 ਵਜੇ ਮਿਲਣ ਲਈ ਸਮਾਂ ਲਿਆ ਸੀ । ਆਮ ਆਦਮੀ ਪਾਰਟੀ ‘ਆਪ’ ਆਗੂਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਹਲਕੇ ਵਿਚ ਬੁੱਧਵਾਰ ਨੂੰ ਵੋਟਰਾਂ ਨੂੰ ਸ਼ਰ੍ਹੇਆਮ ਰਿਸ਼ਵਤ ਵਜੋਂ 11-11 ਸੌ ਰੁਪਏ ਵੰਡੇ ਗਏ। ਜੇ ਈ. ਡੀ. ਸਾਬਕਾ ਐੱਮ. ਪੀ. ਵਰਮਾ ਦੀ ਰਿਹਾਇਸ਼ ’ਤੇ ਛਾਪਾ ਮਾਰੇ ਤਾਂ ਉਥੋਂ ਕਰੋੜਾਂ ਰੁਪਏ ਬਰਾਮਦ ਹੋਣਗੇ ।
