ਫਾਰਮ ਸਲਾਹਕਾਰ ਸੇਵਾ ਕੇਂਦਰ ਵੱਲੋਂ ਪੰਜਾਬ ਨੌਜਵਾਨ ਕਿਸਾਨ ਸੰਸਥਾ ਦੀ ਮੀਟਿੰਗ ਦਾ ਆਯੋਜਨ

ਦੁਆਰਾ: Punjab Bani ਪ੍ਰਕਾਸ਼ਿਤ :Wednesday, 25 December, 2024, 03:29 PM

ਫਾਰਮ ਸਲਾਹਕਾਰ ਸੇਵਾ ਕੇਂਦਰ ਵੱਲੋਂ ਪੰਜਾਬ ਨੌਜਵਾਨ ਕਿਸਾਨ ਸੰਸਥਾ ਦੀ ਮੀਟਿੰਗ ਦਾ ਆਯੋਜਨ
ਨਿਰਦੇਸ਼ਕ ਪਸਾਰ ਸਿੱਖਿਆ ਵੱਲੋਂ ਮਿੱਟੀ ਦੀ ਜਾਂਚ ਕਰਵਾ ਕੇ ਹੀ ਖਾਦਾਂ ਦੀ ਵਰਤੋਂ ਕਰਨ ਦੀ ਅਪੀਲ
ਸੰਗਰੂਰ, 25 ਦਸੰਬਰ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਵੱਲੋਂ ਪੰਜਾਬ ਨੌਜਵਾਨ ਕਿਸਾਨ ਸੰਸਥਾ ਦੀ ਮੀਟਿੰਗ ਕਰਵਾਈ ਗਈ। ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਡਾ: ਮੱਖਣ ਸਿੰਘ ਭੁੱਲਰ ਨਿਰਦੇਸ਼ਕ ਪਸਾਰ ਸਿੱਖਿਆ ਪੀ. ਏ. ਯੂ. ਲੁਧਿਆਣਾ ਸ਼ਾਮਿਲ ਹੋਏ। ਉਹਨਾਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਅੱਗੇ ਵਧਕੇ ਕਿਸਾਨੀ ਵੱਲ ਆਉਣਾ ਚਾਹੀਦਾ ਹੈ ਤਾਂ ਜੋ ਪੀ. ਏ. ਯੂ. ਵੱਲੋਂ ਸਿਫਾਰਸ਼ ਨਵੀਆਂ ਤਕਨੀਕਾਂ ਅਪਣਾ ਕੇ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ । ਉਹਨਾਂ ਮਿੱਟੀ ਦੀ ਜਾਂਚ ਕਰਵਾ ਕੇ ਹੀ ਖਾਦਾਂ ਦੀ ਵਰਤੋਂ ਕਰਨ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ। ਉਹਨਾਂ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਵੱਲੋਂ ਅਪਣਾਏ ਪਿੰਡ ਰਾਮਨਗਰ ਛੰਨਾਂ ਦੇ ਖੇਤਾਂ ਦੇ ਮਿੱਟੀ ਦੇ ਨਤੀਜਿਆਂ ਦੀ ਵਿਆਖਿਆ ਕਰਦੇ ਹੋਏ ਦੱਸਿਆ ਕਿ 67% ਨਮੂਨਿਆਂ ਵਿੱਚ ਫ਼ਾਸਫੋਰਸ ਤੱਤ ਦੀ ਮਾਤਰਾ ਜ਼ਿਆਦਾ ਪਾਈ ਗਈ ਤੇ ਕਿਸਾਨ ਵੀਰ ਡੀ. ਏ. ਪੀ. ਖਾਦ ਦੀ ਘੱਟ ਵਰਤੋਂ ਨਾਲ ਵੀ ਚੰਗੀ ਪੈਦਾਵਾਰ ਵੀ ਲੈ ਸਕਦੇ ਹਨ। ਉਹਨਾਂ ਜ਼ਮੀਨ ਦੀ ਸਿਹਤ ਵਧਾਉਣ ਲਈ ਰੂੜੀ ਖਾਦ, ਹਰੀ ਖਾਦ ਅਤੇ ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲਣ ਤੇ ਜੋਰ ਦਿੱਤਾ। ਲਗਾਤਾਰ ਪਰਾਲੀ ਨੂੰ ਖੇਤ ਵਿੱਚ ਹੀ ਮਿਲਾਉਣ ਨਾਲ ਤੀਜੇ ਸਾਲ ਰਸਾਇਣਕ ਖਾਦਾਂ ਦੀ ਖਪਤ ਨੂੰ ਘਟਾਇਆ ਜਾ ਸਕਦਾ ਹੈ। ਉਹਨਾਂ ਖੇਤੀ ਖਰਚਿਆਂ ਦਾ ਹਿਸਾਬ ਕਿਤਾਬ ਰੱਖਣ ਲਈ ਕਿਸਾਨਾਂ ਨੂੰ ਵਹੀ-ਖਾਤਾ ਲਗਾਉਣ ਬਾਰੇ ਵੀ ਪ੍ਰੇਰਿਆ ।
ਡਾ. ਹਰਬੰਸ ਸਿੰਘ ਚਹਿਲ, ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨਾਂ ਨੂੰ ਵਿਭਾਗ ਵੱਲੋਂ ਖੇਤੀ ਮਸ਼ੀਨਰੀ ਅਤੇ ਜਿਪਸਮ ਤੇ ਦਿੱਤੀ ਜਾਣ ਵਾਲੀ ਸਬਸਿਡੀ ਬਾਰੇ ਜਾਣਕਾਰੀ ਦਿੱਤੀ।
ਡਾ. ਅਸ਼ੋਕ ਕੁਮਾਰ, ਜ਼ਿਲ੍ਹਾ ਪਸਾਰ ਵਿਗਿਆਨੀ ਨੇ ਕਿਸਾਨਾਂ ਨੂੰ ਕਣਕ ਦੀ ਫ਼ਸਲ ਤੋਂ ਚੰਗਾ ਝਾੜ ਲੈਣ ਲਈ ਖੁਰਾਕੀ ਨੁਕਤੇ ਸਾਂਝੇ ਕੀਤੇ । ਡਾ. ਅਮਨਦੀਪ ਕੌਰ, ਜ਼ਿਲ੍ਹਾ ਪਸਾਰ ਵਿਿਗਆਨੀ, ਫਾਰਮ ਸਲਾਹਕਾਰ ਸੇਵਾ ਕੇਂਦਰ, ਬਰਨਾਲਾ ਨੇ ਕਿਸਾਨਾਂ ਨਾਲ ਨਦੀਨਾਂ ਦੀ ਸਮੱਸਿਆ ਅਤੇ ਰੋਕਥਾਮ ਬਾਰੇ ਨੁਕਤੇ ਸਾਂਝੇ ਕੀਤੇ। ਡਾ. ਸੁਨੀਲ ਕੁਮਾਰ, ਸਹਾਇਕ ਪ੍ਰੋਫੈਸਰ (ਫਾਰਮ ਮਸ਼ੀਨਰੀ) ਕੇ.ਵੀ.ਕੇ. ਖੇੜੀ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਦੇ ਖੇਤ ਵਿੱਚ ਹੀ ਪ੍ਰਬੰਧਨ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਜਿਵੇਂ ਕਿ ਹੈਪੀ ਸੀਡਰ, ਸੁਪਰ ਸੀਡਰ, ਸਮਾਰਟ ਸੀਡਰ ਅਤੇ ਸਰਫੇਸ ਸੀਡਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ । ਡਾ. ਗੁਰਬੀਰ ਕੌਰ, ਸਹਾਇਕ ਪ੍ਰੋਫੈਸਰ (ਪੌਦ ਸੁਰੱਖਿਆ) ਕੇ. ਵੀ. ਕੇ. ਖੇੜੀ ਨੇ ਕਿਸਾਨਾਂ ਨੂੰ ਕਣਕ ਦੀ ਗੁਲਾਬੀ ਸੁੰਡੀ ਦੀ ਰੋਕਥਾਮ ਅਤੇ ਹੋਰ ਬਿਮਾਰੀਆਂ ਬਾਰੇ ਚਾਣਨਾ ਪਾਇਆ । ਡਾ. ਨਰਪਿੰਦਰਜੀਤ ਕੌਰ, ਬਾਗਬਾਨੀ ਵਿਕਾਸ ਅਫਸਰ ਨੇ ਕਿਸਾਨਾਂ ਨੂੰ ਬਾਗਬਾਨੀ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਅਤੇ ਸਬਸਿਡੀਆਂ ਬਾਰੇ ਜਾਣੂ ਕਰਵਾਇਆ । ਅੰਤ ਵਿੱਚ ਅਗਾਂਹਵਧੂ ਕਿਸਾਨ ਕੁਲਦੀਪ ਸ਼ਰਮਾ, ਹਰਦੀਪ ਸਿੰਘ, ਧੰਨਾ ਸਿੰਘ ਗੋਰਾ, ਸਹਿਜਪ੍ਰੀਤ ਸਿੰਘ, ਜਗਪਾਲ ਸਿੰਘ, ਭਗਵਾਨ ਸਿੰਘ, ਬਾਲ ਕ੍ਰਿਸ਼ਨ, ਪਰਗਟ ਸਿੰਘ, ਹਰਪ੍ਰੀਤ ਸਿੰਘ, ਗੁਰਜੰਟ ਸਿੰਘ, ਅਮਰੀਕ ਸਿੰਘ, ਮੱਖਣ ਸਿੰਘ, ਰਵਿੰਦਰ ਸਿੰਘ, ਸੁਰਿੰਦਰਪਾਲ ਸਿੰਘ ਆਦਿ ਨੇ ਮੀਟਿੰਗ ਵਿੱਚ ਕਿਸਾਨਾਂ ਦੀਆਂ ਮੁਸ਼ਕਿਲਾਂ ਅਤੇ ਸੁਝਾਅ ਸਾਂਝੇ ਕੀਤੇ ।