21 ਦਸੰਬਰ ਨੂੰ ਹੋਣ ਵਾਲੀਆਂ ਨਗਰ ਕੌਂਸਲ ਤੇ ਨਗਰ ਪੰਚਾਇਤ ਦੀਆਂ ਆਮ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ

21 ਦਸੰਬਰ ਨੂੰ ਹੋਣ ਵਾਲੀਆਂ ਨਗਰ ਕੌਂਸਲ ਤੇ ਨਗਰ ਪੰਚਾਇਤ ਦੀਆਂ ਆਮ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ
ਜ਼ਿਲ੍ਹਾ ਚੋਣ ਅਫਸਰ ਵੱਲੋਂ ਤਿਆਰੀਆਂ ਅਤੇ ਸੁਰੱਖਿਆ ਪ੍ਰਬੰਧਾਂ ਸਬੰਧੀ ਰਿਟਰਨਿੰਗ ਅਫਸਰਾਂ ਤੇ ਪੁਲਿਸ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ
ਸੰਗਰੂਰ, 19 ਦਸੰਬਰ : ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਚੋਣ ਪ੍ਰੋਗਰਾਮ ਅਨੁਸਾਰ 21 ਦਸੰਬਰ ਨੂੰ ਜ਼ਿਲ੍ਹਾ ਸੰਗਰੂਰ ਦੀਆਂ 5 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਵਿੱਚ ਹੋਣ ਵਾਲੀਆਂ ਆਮ ਚੋਣਾਂ ਅਤੇ ਇੱਕ ਨਗਰ ਕੌਂਸਲ ਵਿੱਚ ਹੋਣ ਵਾਲੀ ਉਪ ਚੋਣ ਨੂੰ ਆਜ਼ਾਦਾਨਾ, ਸ਼ਾਂਤਮਈ ਅਤੇ ਸੁਰੱਖਿਅਤ ਮਾਹੌਲ ਵਿੱਚ ਨੇਪਰੇ ਚੜਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਪ੍ਰਗਟਾਵਾ ਜ਼ਿਲ੍ਹਾ ਚੋਣ ਅਫ਼ਸਰ- ਕਮ- ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਮੂਹ ਨਗਰ ਕੌਂਸਲਾਂ ਅਤੇ ਨਗਰ ਪੰਚਾਇਤ ਦੇ ਰਿਟਰਨਿੰਗ ਅਫਸਰਾਂ ਤੇ ਪੁਲਿਸ ਅਧਿਕਾਰੀਆਂ ਨਾਲ ਪ੍ਰਬੰਧਾਂ ਬਾਰੇ ਸਮੀਖਿਆ ਮੀਟਿੰਗ ਕਰਦਿਆਂ ਕੀਤਾ । ਸੰਦੀਪ ਰਿਸ਼ੀ ਨੇ ਦੱਸਿਆ ਕਿ 20 ਦਸੰਬਰ ਨੂੰ ਪੋਲਿੰਗ ਪਾਰਟੀਆਂ ਆਪੋ ਆਪਣੇ ਪੋਲਿੰਗ ਸਟੇਸ਼ਨਾਂ ਲਈ ਰਵਾਨਾ ਹੋਣਗੀਆਂ ਅਤੇ ਵੋਟਾਂ ਪਾਉਣ ਦੀ ਪ੍ਰਕਿਰਿਆ 21 ਦਸੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਜਾਰੀ ਰਹੇਗੀ । ਉਹਨਾਂ ਦੱਸਿਆ ਕਿ ਪੋਲਿੰਗ ਸਟਾਫ ਨੂੰ ਰਿਹਰਸਲਾਂ ਕਰਵਾਈਆਂ ਜਾ ਚੁੱਕੀਆਂ ਹਨ ਅਤੇ ਵੋਟਿੰਗ ਮਸ਼ੀਨਾਂ ਦੀ ਤਿਆਰੀ ਵੀ ਮੁਕੰਮਲ ਹੋ ਚੁੱਕੀ ਹੈ । ਜ਼ਿਲਾ ਚੋਣ ਅਫਸਰ ਨੇ ਦੱਸਿਆ ਕਿ 21 ਦਸੰਬਰ ਨੂੰ ਐਕਸਾਈਜ਼ ਵਿਭਾਗ ਵੱਲੋਂ ਇਹਨਾਂ ਚੋਣਾਂ ਦੇ ਮੱਦੇਨਜ਼ਰ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਰੈਵਨਿਊ ਏਰੀਏ ਵਿੱਚ ਡਰਾਈ ਡੇਅ ਘੋਸ਼ਿਤ ਕੀਤਾ ਗਿਆ ਹੈ । ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕਿ ਜਿਲ੍ਹਾ ਪੁਲਸ ਵੱਲੋਂ ਸੁਰੱਖਿਆ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ ਅਤੇ ਪੈਟਰੋਲਿੰਗ ਟੀਮਾਂ ਦੀ ਤਾਇਨਾਤੀ ਦੇ ਨਾਲ ਨਾਲ ਪੋਲਿੰਗ ਸਟੇਸ਼ਨਾਂ ਦੇ ਅੰਦਰੂਨੀ ਅਤੇ ਬਾਹਰੀ ਹਿੱਸਿਆਂ ਵਿੱਚ ਸੁਰੱਖਿਆ ਪ੍ਰਬੰਧ ਮਜਬੂਤ ਕੀਤੇ ਗਏ ਹਨ । ਉਹਨਾਂ ਨੇ ਈਵੀਐਮ ਰੱਖਣ ਲਈ ਬਣਾਏ ਸਟਰਾਂਗ ਰੂਮ ਦੀ ਵੀ ਸਖਤ ਨਿਗਰਾਨੀ ਰੱਖਣ ਦੇ ਆਦੇਸ਼ ਦਿੱਤੇ । ਮੀਟਿੰਗ ਦੌਰਾਨ ਵਧੀਕ ਜ਼ਿਲ੍ਹਾ ਚੋਣਕਾਰ ਅਫਸਰ ਸੁਖਚੈਨ ਸਿੰਘ ਪਾਪੜਾ, ਰਿਟਰਨਿੰਗ ਅਫਸਰ ਸੰਗਰੂਰ ਚਰਨਜੋਤ ਸਿੰਘ ਵਾਲੀਆ, ਰਿਟਰਨਿੰਗ ਅਫਸਰ ਲੈਨਿਨ ਗਰਗ, ਰਿਟਰਨਿੰਗ ਅਫਸਰ ਚੀਮਾ ਪ੍ਰਮੋਦ ਸਿੰਗਲਾ, ਰਿਟਰਨਿੰਗ ਅਫਸਰ ਦਿੜਬਾ ਰਾਜੇਸ਼ ਸ਼ਰਮਾ, ਰਿਟਰਨਿੰਗ ਅਫਸਰ ਸੂਬਾ ਸਿੰਘ ਰਿਟਰਨਿੰਗ ਅਫਸਰ ਸੁਨਾਮ ਸੁਮਿਤ ਸਿੰਘ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।
