ਹਰਿਆਣਾ ਦੀਆਂ ਖਾਪ ਪੰਚਾਇਤਾਂ 29 ਨੂੰ ਕਿਸਾਨ ਅੰਦੋਲਨ ਤੇ ਮਹਾਪੰਚਾਇਤ ਸੱਦ ਕੇ ਲੈਣਗੀਆਂ ਫੈਸਲਾ

ਹਰਿਆਣਾ ਦੀਆਂ ਖਾਪ ਪੰਚਾਇਤਾਂ 29 ਨੂੰ ਕਿਸਾਨ ਅੰਦੋਲਨ ਤੇ ਮਹਾਪੰਚਾਇਤ ਸੱਦ ਕੇ ਲੈਣਗੀਆਂ ਫੈਸਲਾ
ਚੰਡੀਗੜ੍ਹ : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੀਆਂ ਖਾਪ ਪੰਚਾਇਤਾਂ ਨੇ ਕਿਸਾਨ ਅੰਦੋਲਨ ਦਾ ਸਮਰਥਨ ਕਰਨ ਦੇ ਉਦੇਸ਼ ਤਹਿਤ ਇਕ ਅਹਿਮ ਫ਼ੈਸਲਾ ਲੈਣ ਲਈ 29 ਦਸੰਬਰ ਨੂੰ ਬਾਸ ਮੰਡੀ ਹਿਸਾਰ ਵਿਖੇ ਹਰਿਆਣਾ ਦੀਆਂ ਖਾਪ ਪੰਚਾਇਤਾਂ ਦੀ ਇਕ ਮਹਾਪੰਚਾਇਤ ਬੁਲਾਉਣ ਦਾ ਫ਼ੈਸਲਾ ਕੀਤਾ ਹੈ । ਜਿਕਰਯੋਗ ਹੈ ਕਿ ਕਿਸਾਨ ਤਿੰਨ ਵਾਰ ਦਿੱਲੀ ਵੱਲ ਕੂਚ ਕਰਨ ਦੀ ਕੋਸ਼ਿਸ਼ ਕਰ ਚੁੱਕੇ ਹਨ ਪਰ ਹਰਿਆਣਾ ਪੁਲਿਸ ਨੇ ਉਨ੍ਹਾਂ ਨੂੰ ਸ਼ੰਭੂ ਸਰਹੱਦ ਤੋਂ ਅੱਗੇ ਨਹੀਂ ਜਾਣ ਦਿਤਾ । ਚੰਡੀਗੜ੍ਹ ਵਿਚ ਖਾਪ ਪੰਚਾਇਤਾਂ ਦੇ ਫ਼ੈਸਲੇ ਬਾਰੇ ਖਾਪ ਦੇ ਚੇਅਰਮੈਨ ਸਤੀਸ਼ ਨੇ ਕਿਹਾ ਕਿ ਅੰਦੋਲਨ 13 ਫ਼ਰਵਰੀ ਨੂੰ ਸ਼ੁਰੂ ਹੋਇਆ ਸੀ । ਹਰਿਆਣਾ ਵਿਚ ਵੀ 3 ਧਰਨੇ ਦਿਤੇ ਗਏ ਅਤੇ 102 ਖਾਪ ਪੰਚਾਇਤਾਂ ਇਕੱਠੀਆਂ ਹੋਈਆਂ ਸਨ । ਹਾਲ ਹੀ ਵਿਚ 11 ਮੈਂਬਰਾਂ ਦੀ ਇੱਕ ਕਮੇਟੀ ਬਣਾਈ ਗਈ ਸੀ ਅਤੇ ਕਮੇਟੀ ਦੇ ਮੈਂਬਰ ਡੱਲੇਵਾਲ ਨੂੰ ਮਿਲੇ ਸਨ । ਖਾਪ ਆਗੂਆਂ ਨੇ ਜਗਜੀਤ ਸਿੰਘ ਡੱਲਵਾਲ ਨੂੰ ਮਰਨ ਵਰਤ ਤੋੜਨ ਦੀ ਅਪੀਲ ਕੀਤੀ ਸੀ ਪਰ ਉਹ ਅਟੱਲ ਰਹੇ ।
ਹਰਿਆਣਾ ਸਰਕਾਰ ਦੀ ਆਲੋਚਨਾ ਕਰਦਿਆਂ ਖਾਪ ਆਗੂ ਨੇ ਕਿਹਾ ਕਿ ਪਹਿਲਾਂ ਸਰਕਾਰ ਕਹਿੰਦੀ ਸੀ ਕਿ ਕਿਸਾਨਾਂ ਨੂੰ ਦਿੱਲੀ ਜਾਣ ਲਈ ਟਰੈਕਟਰ ਦੀ ਆਗਿਆਂ ਨਹੀਂ ਦਿੱਤੀ ਜਾਵੇਗੀ ਪਰ ਜਦੋਂ ਉਹ ਪੈਦਲ ਕੂਚ ਕਰਨ ਲੱਗੇ ਤਾਂ ਉਨ੍ਹਾਂ ਉਤੇ ਅੱਥਰੂ ਗੈਸ ਦੀ ਵਰਤੋਂ ਕੀਤੀ ਗਈ, ਜਿਸ ਨਾਲ ਬਹੁਤ ਸਾਰੇ ਕਿਸਾਨ ਜ਼ਖ਼ਮੀ ਵੀ ਹੋ ਗਏ ਸਨ । ਆਗੂ ਨੇ ਕਿਹਾ ਕਿ ਖਾਪ ਪੰਚਾਇਤਾਂ ਨੇ ਕਿਸਾਨ ਅੰਦੋਲਨ ਨੂੰ ਸਮਰਥਨ ਦਿਤਾ ਸੀ ਪਰ ਚੋਣਾਂ ਕਾਰਨ ਇਸ ਨੂੰ ਮੁਲਤਵੀ ਕਰਨਾ ਪਿਆ ਹੁਣ 29 ਦਸੰਬਰ ਨੂੰ ਮਹਾਪੰਚਾਇਤ ਹੋਵੇਗੀ । ਉਨ੍ਹਾਂ ਦਸਿਆ ਕਿ ਅਸੀਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਮਹਾਪੰਚਾਇਤ ਵਿਚ ਬੁਲਾਵਾਂਗੇ। ਧਰਨੇ ਵਿਚ ਸਿਰਫ਼ ਪੰਜਾਬ ਦੇ ਕਿਸਾਨਾਂ ਦੇ ਸ਼ਾਮਲ ਹੋਣ ਦੇ ਮੁੱਦੇ ’ਤੇ ਉਨ੍ਹਾਂ ਦਾ ਕਹਿਣਾ ਹੈ ਕਿ ਹਰਿਆਣਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਸਾਰੀਆਂ ਫ਼ਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ ਦਿਤਾ ਜਾ ਰਿਹਾ ਹੈ, ਜੋ ਕਿ ਸੱਚ ਨਹੀਂ ਹੈ ।
