ਜ਼ਿਲ੍ਹਾ ਜੇਲ੍ਹ ਨਾਭਾ ਵਿਖੇ ਲਗਾਇਆ ਮੈਡੀਕਲ ਕੈਂਪ

ਦੁਆਰਾ: News ਪ੍ਰਕਾਸ਼ਿਤ :Saturday, 01 July, 2023, 04:43 PM

ਜ਼ਿਲ੍ਹਾ ਜੇਲ੍ਹ ਨਾਭਾ ਵਿਖੇ ਲਗਾਇਆ ਮੈਡੀਕਲ ਕੈਂਪ
-231 ਬੰਦੀਆਂ ਦੀ ਕੀਤੀ ਸਿਹਤ ਜਾਂਚ ਤੇ ਲੋੜਵੰਦਾਂ ਨੂੰ ਪ੍ਰਦਾਨ ਕੀਤੀਆਂ ਦਵਾਈਆਂ
ਨਾਭਾ/ਪਟਿਆਲਾ, 1 ਜੁਲਾਈ:
ਪੰਜਾਬ ਸਰਕਾਰ ਅਤੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਜੇਲ੍ਹਾਂ) ਪੰਜਾਬ ਦੀਆਂ ਹਦਾਇਤਾਂ ‘ਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਜ਼ਿਲ੍ਹਾ ਜੇਲ੍ਹ ਨਾਭਾ ਵਿਖੇ ਬੰਦੀਆਂ ਦੀ ਚੰਗੀ ਸਿਹਤ ਲਈ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ।
ਮੈਡੀਕਲ ਕੈਂਪ ਵਿੱਚ ਸੀਨੀਅਰ ਮੈਡੀਕਲ ਅਫ਼ਸਰ ਡਾ. ਪ੍ਰਦੀਪ ਅਰੋੜਾ, ਮੈਡੀਸਨ ਦੇ ਮਾਹਰ ਡਾ. ਕੰਵਰਜੀਤ ਸਿੰਘ, ਅੱਖਾਂ ਦੇ ਮਾਹਰ ਡਾ. ਮਨਦੀਪ ਸਿੰਘ, ਹੱਡੀਆਂ ਦੇ ਮਾਹਰ ਡਾ. ਪ੍ਰਭਸਿਮਰਨ ਸਿੰਘ, ਦੰਦਾਂ ਦੇ ਮਾਹਰ ਡਾ. ਜਪਨੀਤ ਕੌਰ, ਈ.ਐਨ.ਟੀ. ਮਾਹਰ ਡਾ. ਰਾਜਵੰਤ ਕੌਰ, ਸਰਜਨ ਡਾ. ਸੁਖਵਿੰਦਰ ਸਿੰਘ, ਅਪਥੈਲਮਿਕ ਅਫ਼ਸਰ ਡਾ. ਮਨਸੁੱਖ ਸਿੰਘ ਵੱਲੋਂ ਬੰਦੀਆਂ ਦੀ ਸਿਹਤ ਜਾਂਚ ਕੀਤੀ ਗਈ।
ਇਸ ਮੌਕੇ ਐਸ.ਐਮ.ਓ. ਡਾ. ਪ੍ਰਦੀਪ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਸਿਹਤ ਸਹੂਲਤਾਂ ਸੂਬੇ ਦੇ ਹਰੇਕ ਨਾਗਰਿਕ ਤੱਕ ਪੁੱਜਦੀਆਂ ਕਰਨ ਦੇ ਦਿੱਤੇ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਵੱਲੋਂ ਅਜਿਹੇ ਮੈਡੀਕਲ ਕੈਂਪ ਲਗਾਇਆ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਡਾ. ਬਲਬੀਰ ਸਿੰਘ ਵੱਲੋਂ ਬੰਦੀਆਂ ਦੀ ਸਿਹਤ ਜਾਂਚ ਲਈ ਰਾਜ ਪੱਧਰੀ ਸਕਰੀਨਿੰਗ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ, ਉਸੇ ਦੀ ਲੜੀ ਤਹਿਤ ਨਾਭਾ ਜੇਲ੍ਹ ਵਿੱਚ ਮੈਡੀਕਲ ਕੈਂਪ ਲਗਾਇਆ ਗਿਆ ਹੈ।
ਜੇਲ੍ਹ ਸੁਪਰਡੈਂਟ ਰਮਨਦੀਪ ਸਿੰਘ ਭੰਗੂ ਨੇ ਦੱਸਿਆ ਕਿ ਜ਼ਿਲ੍ਹਾ ਜੇਲ੍ਹ ਨਾਭਾ ਵਿਖੇ ਲਗਾਏ ਮੈਡੀਕਲ ਕੈਂਪ ਵਿੱਚ 231 ਬੰਦੀਆਂ ਨੂੰ ਲੋੜੀਂਦਾ ਇਲਾਜ ਮੁਹੱਈਆ ਕਰਵਾਇਆ ਗਿਆ ਹੈ ਅਤੇ ਮੌਕੇ ‘ਤੇ ਹੀ ਲੋੜਵੰਦ ਬੰਦੀਆਂ ਨੂੰ ਦਵਾਈਆਂ ਅਤੇ ਵੈਲਫੇਅਰ ਫੰਡ ਵਿਚੋਂ ਨਜ਼ਰ ਦੀਆਂ ਐਨਕਾਂ ਮੁਫ਼ਤ ਪ੍ਰਦਾਨ ਕੀਤੀਆਂ ਗਈਆਂ ਹਨ।
ਇਸ ਮੌਕੇ ਡਿਪਟੀ ਸੁਪਰਡੈਂਟ ਜੇਲ੍ਹ ਹਰਪ੍ਰੀਤ ਸਿੰਘ, ਵੈੱਲਫੇਅਰ ਅਫ਼ਸਰ ਰਾਹੁਲ ਚੌਧਰੀ, ਮੈਡੀਕਲ ਅਫ਼ਸਰ ਜੇਲ੍ਹ ਡਾ. ਅਵਿਨਾਸ਼ ਕੁਮਾਰ ਸਮੇਤ ਜੇਲ੍ਹ ਸਟਾਫ਼ ਮੌਜੂਦ ਸੀ।