ਹਰਜੋਤ ਹੈਪੀ (ਆਸਟ੍ਰੇਲੀਆ) ਦੇ ਗੀਤ ਅਤੇ ਪੰਜਾਬੀ ਗੀਤਕਾਰੀ ਤੇ ਸਮਾਗਮ ਕਰਵਾਇਆ

ਦੁਆਰਾ: Punjab Bani ਪ੍ਰਕਾਸ਼ਿਤ :Monday, 16 December, 2024, 06:00 PM

ਹਰਜੋਤ ਹੈਪੀ (ਆਸਟ੍ਰੇਲੀਆ) ਦੇ ਗੀਤ ਅਤੇ ਪੰਜਾਬੀ ਗੀਤਕਾਰੀ ਤੇ ਸਮਾਗਮ ਕਰਵਾਇਆ
ਪਟਿਆਲਾ, 16 ਦਸੰਬਰ : ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਚਿੰਤਨ ਮੰਚ, ਪਟਿਆਲਾ ਵੱਲੋਂ ਹਰਜੋਤ ਹੈਪੀ ਦੇ ਗੀਤ ਅਤੇ ਗੀਤਕਾਰੀ ਬਾਰੇ ਸਮਾਗਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਵਰਲਡ ਪੰਜਾਬੀ ਸੈਂਟਰ ਦੇ ਡਾਇਰੈਕਟਰ ਡਾ. ਭੀਮ ਇੰਦਰ ਸਿੰਘ ਨੇ ਕੀਤੀ । ਡਾ. ਭੀਮ ਇੰਦਰ ਸਿੰਘ ਨੇ ਕਿਹਾ ਕਿ ਅੱਜ ਦੀ ਗਾਇਕੀ ਨੂੰ ਸਮਾਜ ਨਾਲ ਜੋੜਨਾ ਚਾਹੀਦਾ ਹੈ ਅਤੇ ਆਪਣੀ ਲੋਕ ਪੱਖੀ ਭੂਮਿਕਾ ਨਿਭਾਉਣੀ ਚਾਹੀਦੀ ਹੈ । ਵਿਸ਼ੇਸ਼ ਮਹਿਮਾਨ ਬਲਵਿੰਦਰ ਸ਼ਰਮਾ ਭੀਖੀ ਨੇ ਗੀਤਾਂ ਨੂੰ ਮਨੁੱਖ ਦਾ ਅਟੁੱਟ ਅੰਗ ਕਿਹਾ। ਇਸ ਸਮਾਗਮ ਦੇ ਮਹਿਮਾਨ ਜੁਗਰਾਜ ਧੌਲਾ ਨੇ ਕਿਹਾ ਕਿ ਗੀਤ ਮਨੁੱਖ ਦੇ ਮਨ ਦਾ ਪ੍ਰਗਟਾਓ ਹਨ, ਗੀਤਕਾਰਾਂ ਨੂੰ ਲੋਕਾਂ ਨੂੰ ਗੀਤ ਨਾਲ ਜੋੜਣਾ ਚਾਹੀਦਾ ਹੈ । ਉਨ੍ਹਾਂ ਆਪਣੇ ਕੁੱਝ ਗੀਤ ਗਾਕੇ ਖੂਬ ਰੰਗ ਬਨ੍ਹਿਆ, ਡਾ. ਵੀਰਪਾਲ ਕੌਰ ਸਿੱਧੂ ਨੇ ਹਰਜੋਤ ਹੈਪੀ ਦੀ ਪੁਸਤਕ ‘ਨਿਕੰਮੀ ਔਲਾਦ’ ‘ਤੇ ਪੇਪਰ ਪੜ੍ਹਿਆ । ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰਗਤੀਸ਼ੀਲ ਗੀਤ ਅਤੇ ਕਵਿਤਾਵਾਂ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਪੜ੍ਹਾਉਣੇ ਚਾਹੀਦੇ ਹਨ । ਹੁਸਨਵੀਰ ਸਿੰਘ ਪਨੂੰ ਨੇ ਜਿੱਥੇ ਕਿਤਾਬ ਬਾਰੇ ਵਿਚਾਰ ਪ੍ਰਗਟਾਏ, ਉਥੇ ਵੱਖ-ਵੱਖ ਅੰਦਾਜ ਚ ਮਾਹੀਆ ਗਾ ਕੇ ਆਪਣੀ ਹਾਜ਼ਰੀ ਲਵਾਈ । ਇਸ ਪ੍ਰੋਗਰਾਮ ਵਿਚ ਜਿੱਥੇ ਹਰਜੋਤ ਹੈਪੀ ਨੇ ਆਪਣੇ ਚੋਣਵੇਂ ਗੀਤ ਪੇਸ਼ ਕੀਤੇ, ਉਥੇ ਸੁਰਦੀਪ ਬਾਪਲਾ, ਗੁਰਮੁਖ ਸਿੰਘ, ਕੁਲਵੰਤ ਸੈਦੋਕੇ, ਦਰਸਨ ਪਸਿਆਣਾ ਅਤੇ ਅਮਰਿੰਦਰ ਮਿੱਠੁਮਾਜਰਾ ਨੇ ਆਪੋ ਆਪਣੇ ਗੀਤ ਪੇਸ਼ ਕੀਤੇ । ਇਸ ਪ੍ਰੋਗਰਾਮ ਵਿਚ ਜਗਰਾਜ ਧੌਲਾ ਨੂੰ ਸਨਮਾਨਿਤ ਕੀਤਾ ਗਿਆ । ਇਸ ਤੋਂ ਇਲਾਵਾ ਬਲਵੰਤ ਭੀਖੀ, ਬਲਵਿੰਦਰ ਭੱਟੀ, ਨਰਿੰਦਰ ਪਾਲ ਕੌਰ, ਸੱਤਪਾਲ ਅਤੇ ਸਰਬਜੀਤ ਵਿਰਕ ਨੇ ਨਿਕੰਮੀ ਔਲਾਦ ਸਬੰਧੀ ਵਿਚਾਰ ਪੇਸ਼ ਕੀਤੇ । ਡਾ. ਲਕਸ਼ਮੀ ਨਰਾਇਣ ਭੀਖੀ ਨੇ ਆਏ ਮਹਿਮਾਨਾਂ, ਗੀਤਕਾਰਾਂ ਨੂੰ ਜੀ ਆਇਆ ਆਖਿਆ। ਇਸ ਪ਼੍ਰੋਗਰਾਮ ਵਿਚ ਆਤਮਾ ਸਿੰਘ, ਹਰਭਿੰਦਰ ਸਿੰਘ, ਰਾਜਿੰਦਰ ਸ਼ਰਮਾ, ਇਕਬਾਲ ਸਿੰਘ ਜੀ ਨੇ ਭਾਗ ਲਿਆ । ਪ੍ਰੀਤ ਮਹਿੰਦਰ ਸੇਖੋਂ ਨੇ ਇਸ ਸਮਾਗਮ ਦਾ ਮੰਚ ਸੰਚਾਲਨ ਬਾਖੂਬੀ ਨਿਭਾਇਆ ।