ਰਿਟਰਨਿੰਗ ਅਫਸਰ ਪ੍ਰਮੋਦ ਸਿੰਗਲਾ ਨੇ ਨਗਰ ਪੰਚਾਇਤ ਚੀਮਾ ਵਿੱਚ ਚੋਣ ਲੜ ਰਹੇ ਉਮੀਦਵਾਰਾਂ ਨੂੰ ਦਿਸ਼ਾ ਨਿਰਦੇਸ਼ ਕੀਤੇ ਜਾਰੀ

ਦੁਆਰਾ: Punjab Bani ਪ੍ਰਕਾਸ਼ਿਤ :Monday, 16 December, 2024, 04:00 PM

ਰਿਟਰਨਿੰਗ ਅਫਸਰ ਪ੍ਰਮੋਦ ਸਿੰਗਲਾ ਨੇ ਨਗਰ ਪੰਚਾਇਤ ਚੀਮਾ ਵਿੱਚ ਚੋਣ ਲੜ ਰਹੇ ਉਮੀਦਵਾਰਾਂ ਨੂੰ ਦਿਸ਼ਾ ਨਿਰਦੇਸ਼ ਕੀਤੇ ਜਾਰੀ
ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਵੋਟਾਂ, ਉਸੇ ਦਿਨ ਪੋਲਿੰਗ ਸਟੇਸ਼ਨ ‘ਤੇ ਹੀ ਹੋਵੇਗੀ ਗਿਣਤੀ
ਉਮੀਦਵਾਰਾਂ ਨੂੰ ਨਿਰਧਾਰਿਤ ਖਰਚਾ ਸੀਮਾ, ਚੋਣ ਪ੍ਰਕਿਰਿਆ ਦੀ ਵੀਡੀਓਗ੍ਰਾਫੀ, ਵੋਟਰ ਕਾਰਡ ਸਮੇਤ ਹੋਰ ਦਸਤਾਵੇਜਾਂ ਦੀ ਪਛਾਣ ਪੱਤਰ ਵੱਜੋਂ ਵਰਤੋਂ ਕਰਨ ਆਦਿ ਹਦਾਇਤਾਂ ਬਾਰੇ ਦੱਸਿਆ
ਸੁਨਾਮ ਉਧਮ ਸਿੰਘ ਵਾਲਾ, 16 ਦਸੰਬਰ : ਨਗਰ ਪੰਚਾਇਤ ਚੀਮਾ ਵਿੱਚ ਚੋਣ ਲੜ ਰਹੇ ਵੱਖ-ਵੱਖ ਵਾਰਡਾਂ ਦੇ ਉਮੀਦਵਾਰਾਂ ਨੂੰ ਅੱਜ ਰਿਟਰਨਿੰਗ ਅਫਸਰ-ਕਮ-ਐਸ. ਡੀ. ਐਮ. ਪ੍ਰਮੋਦ ਸਿੰਗਲਾ ਨੇ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਇੰਨ ਬਿੰਨ ਪਾਲਣਾ ਦੀ ਹਦਾਇਤ ਕੀਤੀ । ਸਮੂਹ ਉਮੀਦਵਾਰਾਂ ਨਾਲ ਮੀਟਿੰਗ ਕਰਦਿਆਂ ਰਿਟਰਨਿੰਗ ਅਫਸਰ ਪ੍ਰਮੋਦ ਸਿੰਗਲਾ ਨੇ ਦੱਸਿਆ ਕਿ 21 ਦਸੰਬਰ ਨੂੰ ਵੋਟਾਂ ਪਾਉਣ ਦੀ ਪ੍ਰਕਿਰਿਆ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 4 ਵਜੇ ਤੱਕ ਜਾਰੀ ਰਹੇਗੀ । ਉਹਨਾਂ ਦੱਸਿਆ ਕਿ ਵੋਟਿੰਗ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਵੋਟਾਂ ਦੀ ਗਿਣਤੀ ਉਸੇ ਦਿਨ ਹੀ ਪੋਲਿੰਗ ਸਟੇਸ਼ਨ ‘ਤੇ ਹੀ ਕੀਤੀ ਜਾਵੇਗੀ । ਰਿਟਰਨਿੰਗ ਅਫਸਰ ਨੇ ਦੱਸਿਆ ਕਿ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਸਮੁੱਚੇ ਚੋਣ ਅਮਲ ਨੂੰ ਨਿਰਪੱਖ, ਆਜ਼ਾਦਾਨਾ ਅਤੇ ਸ਼ਾਂਤੀਪੂਰਵਕ ਢੰਗ ਨਾਲ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਗਏ ਹਨ, ਜਿਨਾਂ ਦੀ ਉਲੰਘਣਾ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਸਿੰਗਲਾ ਨੇ ਉਮੀਦਵਾਰਾਂ ਨੂੰ ਦੱਸਿਆ ਕਿ ਨਗਰ ਪੰਚਾਇਤ ਚੋਣ ਲੜ ਰਹੇ ਉਮੀਦਵਾਰਾਂ ਲਈ ਖਰਚੇ ਦੀ ਸੀਮਾ 1,40,000 ਰੁਪਏ ਨੋਟੀਫਾਈ ਕੀਤੀ ਗਈ ਹੈ । ਉਹਨਾਂ ਨੇ ਦੱਸਿਆ ਕਿ ਮਾਨਯੋਗ ਅਦਾਲਤਾਂ ਵੱਲੋਂ ਦਿੱਤੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਸਬੰਧਤ ਵਾਰਡਾਂ ਵਿੱਚ ਚੋਣ ਅਮਲ ਦੀ ਵੀਡੀਓਗ੍ਰਾਫੀ ਕਰਵਾਈ ਜਾਵੇਗੀ ਅਤੇ ਇਸ ਦੌਰਾਨ ਕਿਸੇ ਵੀ ਪੋਲਿੰਗ ਸਟੇਸ਼ਨ ਉੱਤੇ ਨਿਯਮਾਂ ਦੀ ਉਲੰਘਣਾ ਪਾਏ ਜਾਣ ‘ਤੇ ਸ਼ਰਾਰਤੀ ਅਨਸਰਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ ।
ਰਿਟਰਨਿੰਗ ਅਫਸਰ ਪ੍ਰਮੋਦ ਸਿੰਗਲਾ ਨੇ ਦੱਸਿਆ ਕਿ ਏਪਿਕ ਵੋਟਰ ਕਾਰਡ ਨਾ ਹੋਣ ਦੀ ਸੂਰਤ ‘ਚ ਵੀ ਵੋਟਰ ਆਪਣੀ ਵੋਟ ਪਾ ਸਕੇਗਾ ਬਸ਼ਰਤੇ ਕਿ ਉਸ ਕੋਲ ਆਪਣੀ ਪ੍ਰਮਾਣਿਕਤਾ ਦਰਸਾਉਣ ਲਈ ਅਧਿਕਾਰਤ ਪਛਾਣ ਪੱਤਰ ਮੌਜੂਦ ਹੋਵੇ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਅਨੁਸਾਰ ਵੋਟਰ ਕੋਲ ਆਧਾਰ ਕਾਰਡ, ਭਾਰਤੀ ਪਾਸਪੋਰਟ, ਡਰਾਈਵਿੰਗ ਲਾਇਸੈਂਸ, ਪੈਨ ਕਾਰਡ, ਮਗਨਰੇਗਾ ਜਾਬ ਕਾਰਡ, ਬੈਂਕ ਜਾਂ ਡਾਕਖ਼ਾਨੇ ਵੱਲੋਂ ਜਾਰੀ ਫੋਟੋ ਵਾਲੀ ਪਾਸਬੁੱਕ, ਲੇਬਰ ਵਿਭਾਗ ਦੀ ਸਕੀਮ ਤਹਿਤ ਜਾਰੀ ਸਿਹਤ ਬੀਮਾ ਸਮਾਰਟ ਕਾਰਡ, ਸਰਕਾਰੀ/ਅੱਧ ਸਰਕਾਰੀ ਸ਼ਨਾਖਤੀ ਕਾਰਡ ਆਦਿ ਪਛਾਣ ਪੱਤਰ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਐਨ.ਪੀ.ਆਰ. ਤਹਿਤ ਆਰ. ਜੀ. ਆਈ. ਵੱਲੋਂ ਜਾਰੀ ਸਮਾਰਟ ਕਾਰਡ, ਫੋਟੋ ਸਮੇਤ ਪੈਨਸ਼ਨ ਦਸਤਾਵੇਜ਼, ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਜਾਰੀ ਪਛਾਣ ਪੱਤਰ ਅਤੇ ਯੂਨੀਕ ਦਿਵਿਆਂਗ ਆਈ. ਡੀ. ਵਿਚੋਂ ਕੋਈ ਇੱਕ ਦਸਤਾਵੇਜ਼ ਹੋਣਾ ਲਾਜ਼ਮੀ ਹੈ । ਸ਼੍ਰੀ ਸਿੰਗਲਾ ਨੇ ਉਮੀਦਵਾਰਾਂ ਨੂੰ ਹਦਾਇਤ ਕੀਤੀ ਕਿ ਉਹ ਰਾਤ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਲਾਊਡ ਸਪੀਕਰ ਜਾਂ ਅਜਿਹੇ ਹੀ ਧਵਨੀ ਪੈਦਾ ਕਰਨ ਵਾਲੇ ਹੋਰ ਯੰਤਰਾਂ ਰਾਹੀਂ ਪ੍ਰਚਾਰ ਨਹੀਂ ਕਰ ਸਕਣਗੇ । ਉਹਨਾਂ ਕਿਹਾ ਕਿ ਦਿਨ ਵਿੱਚ ਵਰਤੇ ਜਾਣ ਵਾਲੇ ਲਾਊਡ ਸਪੀਕਰਾਂ ਲਈ ਵੀ ਸਾਊਂਡ ਦੀ ਲਿਮਿਟ ਨਿਰਧਾਰਿਤ ਕੀਤੀ ਗਈ ਹੈ ਜਿਸ ਦੀ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ।