ਆਉਣ ਵਾਲੇ ਨਵੇਂ ਕੌਂਸਲਰ ਦਸ ਦਹਾਕਿਆਂ ਦੇ ਵਿਕਾਸ ਦਾ ਨਕਸ਼ਾ ਲੈ ਕੇ ਨਿਰਪੱਖ ਤੇ ਪਾਰਦਰਸ਼ੀ ਕੰਮ ਕਰਵਾਉਣ : ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ

ਆਉਣ ਵਾਲੇ ਨਵੇਂ ਕੌਂਸਲਰ ਦਸ ਦਹਾਕਿਆਂ ਦੇ ਵਿਕਾਸ ਦਾ ਨਕਸ਼ਾ ਲੈ ਕੇ ਨਿਰਪੱਖ ਤੇ ਪਾਰਦਰਸ਼ੀ ਕੰਮ ਕਰਵਾਉਣ : ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ
ਆਮਦਨ ਦੇ ਨਵੇਂ ਸ੍ਰੋਤ ਬਨਾਏ ਜਾਣ
ਅੰਮ੍ਰਿਤਸਰ : ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਆਦੇਸ਼ਾਂ ਤੇ ਪੰਜਾਬ ਵਿਚ ਪਿਛਲੇ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ ਤੇ ਫਗਵਾੜਾ ਨਗਰ ਨਿਗਮ ਸਣੇ 43 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਹੋ ਰਹੀਆਂ ਹਨ, ਇਸ ਨੂੰ ਲੈ ਕੇ ਚੋਣ ਕਮਿਸ਼ਨਰ ਵੱਲੋਂ ਇਨ੍ਹਾਂ ਚੋਣਾਂ ਦੀ ਪੂਰੀ ਪ੍ਰਕਿਰਿਆ ਵੀ ਪਹਿਲਾਂ ਹੀ ਦੱਸ ਦਿੱਤੀ ਗਈ ਹੈ । ਇਨ੍ਹਾਂ ਦਿਨਾਂ ਵਿੱਚ ਦਸਮ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਭਾ ਦਾ ਸਫ਼ਰ ਹੋਣ ਕਾਰਨ ਇਨ੍ਹਾਂ ਚੋਣਾਂ ਤੇ ਅਸਰ ਤਾਂ ਪਵੇਗਾ, ਜਿਸ ਬਾਰੇ ਕਮਿਸ਼ਨ ਵੱਲੋਂ ਇਸ ਪੱਖ ਵੱਲ ਧਿਆਨ ਨਹੀਂ ਦਿਤਾ ਗਿਆ । ਨਿਹੰਗ ਮੁਖੀ ਨੇ ਕਿਹਾ ਸੁਪਰੀਮ ਕੋਰਟ ਦੇ ਬੈਂਚ ਦਾ ਕਹਿਣਾ ਹੈ ਕਿ ਨਗਰ ਨਿਗਮ ਤੇ ਨਗਰ ਕੌਂਸਲ ਦੀ ਚੋਣ ਪ੍ਰਕਿਰਿਆ 5 ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਸ਼ੁਰੂ ਹੋ ਜਾਣੀ ਚਾਹੀਦੀ ਸੀ । ਜੋ ਨਹੀਂ ਹੋਈ ਜਿਸ ਕਾਰਨ ਅਦਾਲਤ ਨੂੰ ਦਖਲ ਦੇਣਾ ਪਿਆ ਹੈ । ਉਨ੍ਹਾਂ ਕਿਹਾ ਹੁਣ ਵੱਡੇ ਸ਼ਹਿਰਾਂ ਤੇ ਕਸਬਿਆਂ ਵਿਚ ਚੋਣਾਂ ਹੋ ਜਾਣ ਦੇ ਨਾਲ ਨਵੇਂ ਨੁਮਾਇੰਦੇ ਆਉਣ ਨਾਲ ਸਮੱਸਿਆਵਾਂ ਤੋਂ ਵੀ ਆਮ ਜਨ ਸਧਾਰਨ ਨੂੰ ਨਿਜਾਤ ਮਿਲੇਗੀ । ਉਨ੍ਹਾਂ ਕਿਹਾ ਨਗਰ ਨਿਗਮਾਂ ਨੂੰ ਬਾਕਾਇਦਾ ਇਕ ਵਿਸ਼ੇਸ਼ ਮੈਪ ਤਿਆਰ ਕਰਨਾ ਚਾਹੀਦਾ ਹੈ, ਜਿਸ ਨਾਲ ਸ਼ਹਿਰ ਦੇ ਵਿਕਾਸ ਦੀ ਨਵੀਂ ਇਬਾਰਤ ਲਿਖੀ ਜਾ ਸਕੇ । ਆਮਦਨ ਦੇ ਕੀ ਸ੍ਰੋਤ ਹੋਣਗੇ, ਸ਼ਹਿਰ ਦੀਆਂ ਕਿਹੜੀਆਂ ਥਾਵਾਂ ਤੋਂ ਆਮਦਨ ਦੇ ਵਸੀਲੇ ਬਣ ਸਕਦੇ ਹਨ ਤੇ ਇਨ੍ਹਾਂ ਵਸੀਲਿਆਂ ਦੀ ਵਰਤੋਂ ਦੇ ਨਾਲ-ਨਾਲ ਵਾਤਾਵਰਨ ਨੂੰ ਕਿਵੇਂ ਸਾਂਭਿਆ ਜਾ ਸਕਦਾ ਹੈ, ਸੀਵਰੇਜ ਦੇ ਸਿਸਟਮ ਨੂੰ ਅਗਲੇਰੇ ਇਕ ਸੌ ਸਾਲ ਸ਼ਹਿਰਾਂ ਦੀ ਆਬਾਦੀ ਦੇ ਵਿਕਾਸ ਦਰ ਨਾਲ ਕਿਵੇਂ ਅਪਡੇਟ ਕਰਨਾ ਹੈ, ਇਹ ਸਾਰੀਆਂ ਗੱਲਾਂ ਵੀ ਨਗਰ ਨਿਗਮਾਂ ਦੇ ਚੁਣੇ ਨੁਮਾਇੰਦਿਆ ਅਤੇ ਪੂਰੀ ਅਫ਼ਸਰਸ਼ਾਹੀ ਦੇ ਧਿਆਨ ਤੇ ਜੁੰਮੇਵਾਰੀ ਹੋਣੀ ਚਾਹੀਦੀ ਹੈ । ਉਨ੍ਹਾਂ ਕਿਹਾ ਇਸ ਵਾਰ ਦੀਆਂ ਨਗਰ ਨਿਗਮ ਦੀਆਂ ਚੋਣਾਂ ਵਿਚ ਨਵੇਂ ਆਉਣ ਵਾਲੇ ਨੁਮਾਇੰਦਿਆਂ ਨੂੰ ਨਿਰਪੱਖ ਤਰੀਕੇ ਤੇ ਪਾਰਟੀਬਾਜ਼ੀ ਤੋਂ ਉਤਾਂਹ ਉੱਠ ਕੇ ਲੋਕਾਂ ਦੇ ਹਿੱਤ ਵਿਚ ਵਿਕਾਸਮੁਖੀ ਫ਼ੈਸਲੇ ਲੈਣ ਦਾ ਹੁਣ ਤੋਂ ਹੀ ਅਹਿਦ ਲੈਣਾ ਚਾਹੀਦਾ ਹੈ । ਪੰਜਾਬ ਤਾਂ ਹੀ ਅੱਗੇ ਵਧ ਸਕਦਾ ਹੈ, ਜੇ ਇਸ ਦੇ ਸਾਰੇ ਸ਼ਹਿਰ ਤੇ ਕਸਬੇ ਸਮੱਸਿਆਵਾਂ ਤੋਂ ਨਿਰਲੇਪ ਹੋਣਗੇ ।
