ਚੰਦਰਸ਼ੇਖਰ ਆਜ਼ਾਦ ਭੀਮ ਆਰਮੀ ਚੀਫ਼ 'ਤੇ ਅਣਪਛਾਤੇ ਹਮਲਾਵਰਾਂ ਨੇ ਕੀਤੀ ਫਾਇਰਿੰਗ

ਸਹਾਰਨਪੁਰ: ਬੁੱਧਵਾਰ ਨੂੰ ਭੀਮ ਆਰਮੀ ਚੀਫ਼ ਚੰਦਰਸ਼ੇਖਰ ਆਜ਼ਾਦ ‘ਤੇ ਅਣਪਛਾਤੇ ਹਮਲਾਵਰਾਂ ਨੇ ਗੈਰ-ਕਾਨੂੰਨੀ ਹਥਿਆਰਾਂ ਨਾਲ ਫਾਇਰਿੰਗ ਕੀਤੀ। ਇਸ ਹਮਲੇ ‘ਚ ਚੰਦਰਸ਼ੇਖਰ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ। ਫਿਲਹਾਲ ਪੁਲਿਸ ਨੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਦੇ ਮੁਤਾਬਕ ਹਮਲਾਵਰ ਹਰਿਆਣਾ ਨੰਬਰ ਦੀ ਕਾਰ ਵਿੱਚ ਸਵਾਰ ਹੋ ਕੇ ਆਏ ਸਨ। ਹਮਲਾਵਰਾਂ ਨੇ ਚੰਦਰਸ਼ੇਖਰ ਆਜ਼ਾਦ ‘ਤੇ ਅਚਾਨਕ ਫਾਇਰਿੰਗ ਕਰ ਦਿੱਤੀ। ਗੋਲੀਆਂ ਵੱਜਣ ਕਾਰਨ ਉਨ੍ਹਾਂ ਦੀ ਕਾਰ ਦੇ ਸ਼ੀਸ਼ੇ ਵੀ ਟੁੱਟ ਗਏ। ਇਸ ਦੌਰਾਨ ਆਜ਼ਾਦ ਦੇ ਲੱਕ ‘ਤੇ ਗੋਲ਼ੀ ਲੱਗਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਏ ਹਨ। ਹਾਲਾਂਕਿ, ਪੁਲਿਸ ਵੱਲੋਂ ਇਸ ਮਾਮਲੇ ‘ਚ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
ਇਸ ਸਬੰਧੀ ਆਜ਼ਾਦ ਸਮਾਜ ਪਾਰਟੀ ਨੇ ਇਸ ਬਾਰੇ ਟਵੀਟ ਕਰਦਿਆਂ ਲਿਖਿਆ, “ਸਹਾਰਨਪੁਰ ਦੇ ਦੇਵਬੰਦ ‘ਚ ਭੀਮ ਆਰਮੀ ਚੀਫ਼ ਅਤੇ ਰਾਸ਼ਟਰੀ ਪ੍ਰਧਾਨ ਚੰਦਰਸ਼ੇਖਰ ਆਜ਼ਾਦ ‘ਤੇ ਕਾਤਲਾਨਾ ਹਮਲਾ ਬਹੁਜਨ ਮਿਸ਼ਨ ਅੰਦੋਲਨ ਨੂੰ ਰੋਕਣ ਦੀ ਕਾਇਰਤਾ ਭਰੀ ਕਾਰਵਾਈ ਹੈ। ਦੋਸ਼ੀਆਂ ਦੀ ਤੁਰੰਤ ਗ੍ਰਿਫ਼ਤਾਰੀ, ਸਖ਼ਤ ਕਾਰਵਾਈ ਅਤੇ ਰਾਸ਼ਟਰੀ ਪ੍ਰਧਾਨ ਚੰਦਰਸ਼ੇਖਰ ਆਜ਼ਾਦ ਦੀ ਸੁਰੱਖਿਆ ਦੀ ਮੰਗ ਕਰਦੇ ਹਾਂ।”
