ਦਿੱਲੀ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਕੇਜਰੀਵਾਲ ਨੇ ਅਮਿਤ ਸ਼ਾਹ ਨੂੰ ਲਿਖੀ ਚਿੱਠੀ

ਦਿੱਲੀ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਕੇਜਰੀਵਾਲ ਨੇ ਅਮਿਤ ਸ਼ਾਹ ਨੂੰ ਲਿਖੀ ਚਿੱਠੀ
ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਵਿਚ ਲਗਾਤਾਰ ਵਿਗੜਦੀ ਜਾ ਰਹੀ ਕਾਨੂੰਨ ਵਿਵਸਥਾ ਸਬੰਧੀ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ । ਕੇਜਰੀਵਾਲ ਨੇ ਇਸ ਮੁੱਦੇ ਉੱਤੇ ਚਰਚਾ ਕਰਨ ਲਈ ਅਮਿਤ ਸ਼ਾਹ ਨਾਲ ਮਿਲਣ ਦਾ ਸਮਾਂ ਮੰਗਿਆ ਹੈ । ਅਰਵਿੰਦ ਕੇਜਰੀਵਾਲ ਨੇ ਚਿੱਠੀ ਵਿਚ ਲਿਖਿਆ ਕਿ ਦਿੱਲੀ ਦੀ ਕਾਨੂੰਨ ਵਿਵਸਥਾ ਕੇਂਦਰ ਸਰਕਾਰ ਦੇ ਅਧੀਨ ਹੈ । ਦਿੱਲੀ ਨੂੰ ਹੁਣ ਅਪਰਾਧ ਦੀ ਰਾਜਧਾਨੀ ਦੇ ਨਾਮ ਨਾਲ ਜਾਣਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਭਾਰਤ ਦੇ 19 ਮੈਟਰੋ ਸ਼ਹਿਰਾਂ ਵਿਚ ਦਿੱਲੀ ਔਰਤਾਂ ਦੇ ਖ਼ਿਲਾਫ਼ ਹੋਣ ਵਾਲੇ ਅਪਰਾਧ ਵਿਚ ਪਹਿਲੇ ਨੰਬਰ ਉੱਤੇ ਹੈ ਨਾਲ ਹੀ ਕਤਲ ਦੇ ਮਾਮਲਿਆਂ ਵਿਚ ਵੀ ਦਿੱਲੀ ਪਹਿਲੇ ਨੰਬਰ ਉਤੇ ਹੈ। ਦਿੱਲੀ ਵਿਚ ਜਬਰਨ ਵਸੂਲੀ ਵਾਲੇ ਗੈਂਗ ਸਰਗਰਮ ਹੋਏ ਹਨ। ਏਅਰਪੋਰਟ ਅਤੇ ਸਕੂਲਾਂ ਨੂੰ ਧਮਕੀਆਂ ਮਿਲ ਰਹੀਆਂ ਹਨ । ਕੇਜਰੀਵਾਲ ਨੇ ਲਿਖਿਆ ਕਿ ਪੂਰੀ ਦਿੱਲੀ ਵਿਚ ਲੋਕ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ। ਦਿੱਲੀ ਹੁਣ ਦੇਸ਼-ਵਿਦੇਸ਼ ਵਿਚ ਅਪਰਾਧ ਦੀ ਰਾਜਧਾਨੀ ਦੇ ਰੂਪ ਵਿਚ ਪਛਾਣੀ ਜਾ ਰਹੀ ਹੈ ।
