ਕਿਸਾਨ ਮਜ਼ਦੂਰ ਮੋਰਚੇ ਦੀ ਅਗਵਾਈ ਵਿੱਚ ਕਿਸਾਨਾਂ ਦੀਆਂ ਮੰਗਾਂ ਨੂੰ ਲੈਕੇ ਤਿੰਨ ਘੰਟੇ ਕੀਤਾ ਰੇਲਾਂ ਦਾ ਚੱਕਾ ਜਾਮ

ਕਿਸਾਨ ਮਜ਼ਦੂਰ ਮੋਰਚੇ ਦੀ ਅਗਵਾਈ ਵਿੱਚ ਕਿਸਾਨਾਂ ਦੀਆਂ ਮੰਗਾਂ ਨੂੰ ਲੈਕੇ ਤਿੰਨ ਘੰਟੇ ਕੀਤਾ ਰੇਲਾਂ ਦਾ ਚੱਕਾ ਜਾਮ
ਪਟਿਆਲਾ : ਅੱਜ ਇਥੇ ਰੇਲਵੇ ਸਟੇਸ਼ਨ ਤੇ ਕਿਸਾਨ ਮਜ਼ਦੂਰ ਮੋਰਚੇ ਵਿੱਚ ਸਾਮਿਲ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਅਤੇ ਭਾਰਤੀ ਕਿਸਾਨ ਯੂਨੀਅਨ ਭਟੇੜੀ ਦੀ ਅਗਵਾਈ ਵਿੱਚ ਕਿਸਾਨਾਂ ਨੇ 12.00 ਤੋਂ 3.00 ਤੱਕ ਤਿੰਨ ਘੰਟੇ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ । ਕਿਸਾਨ ਆਗੂਆਂ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਸ਼ੰਭੂ,ਖਨੌਰੀ ਅਤੇ ਰਤਨਪੁਰਾ ਬਾਰਡਰਾਂ ਸੰਘਰਸ਼ ਕਰ ਰਹੇ ਹਨ, ਜਿੱਥੇ ਪੈਦਲ ਜਾ ਰਹੇ ਕਿਸਾਨਾਂ ਤੇ ਹਰਿਆਣਾ ਸਰਕਾਰ ਵੱਲੋਂ ਗੋਲੀਆਂ ਚਲਾਈਆਂ ਜਾ ਰਹੀਆਂ ਹਨ ਤੇ ਖਨੌਰੀ ਬਾਰਡਰ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਤੇ ਬੈਠੇ ਹਨ ਪਰ ਕੇਂਦਰ ਸਰਕਾਰ ਤੇ ਕੋਈ ਅਸਰ ਨਹੀਂ । ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕੇਂਦਰ ਸਰਕਾਰ ਸਾਰੀਆਂ ਫਸਲਾਂ ਲਈ ਐੱਮ. ਐੱਸ. ਪੀ. ਕਾਨੂੰਨ ਬਣਾ ਕੇ ਫ਼ਸਲਾਂ ਦਾ ਭਾਅ ਡਾਕਟਰ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਦਿੱਤਾ ਜਾਵੇ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਸੰਪੂਰਨ ਕਰਜ਼ਾ ਮੁਕਤੀ ਕੀਤੀ ਜਾਵੇ, ਕਿਸਾਨਾਂ ਲਈ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, ਦਿੱਲੀ ਅੰਦੋਲਨ ਦੀਆਂ ਅਧੂਰੀਆਂ ਰਹਿਦੀਆਂ ਮੰਗਾਂ ਜਿਵੇਂ ਲਖੀਮਪੁਰ ਖੀਰੀ ਕਤਲਕਾਂਡ ਦਾ ਇਨਸਾਫ ਕੀਤਾ ਜਾਵੇ, ਅਜੇ ਮਿਸ਼ਰਾ ਨੂੰ ਮੰਤਰੀ ਮੰਡਲ ਵਿੱਚੋ ਬਾਹਰ ਕੀਤਾ ਜਾਵੇ, ਅਸੀਸ ਮਿਸ਼ਰਾ ਦੀ ਜਮਾਨਤ ਰੱਦ ਕੀਤੀ ਜਾਵੇ, ਦਿੱਲੀ ਅੰਦੋਲਨ ਸਮੇਤ ਦੇਸ਼ ਭਰ ਦੇ ਸਾਰੇ ਕਿਸਾਨ ਅੰਦੋਲਨਾਂ ਦੌਰਾਨ ਦਰਜ਼ ਸਾਰੇ ਕੇਸ ਰੱਦ ਕੀਤੇ ਜਾਣ, ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਮਜਦੂਰਾਂ ਦੇ ਪਰਿਵਾਰਾਂ ਨੂੰ ਮੁਆਵਜਾ ਅਤੇ ਨੌਕਰੀਆਂ ਦਿੱਤੀਆਂ ਜਾਣ ਅਤੇ ਦਿੱਲੀ ਘੋਲ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੀ ਸਮਾਰਕ ਲਈ ਦਿੱਲੀ ਵਿੱਚ ਜਗ੍ਹਾ ਦਿੱਤੀ ਜਾਵੇ ।
ਬਿਜਲੀ ਸੈਕਟਰ ਨੂੰ ਨਿੱਜੀ ਹੱਥਾਂ ਵਿੱਚ ਦੇਣ ਵਾਲੇ ਬਿਜਲੀ ਸੋਧ ਬਿੱਲ ਵਰੇ ਦਿੱਲੀ ਅੰਦੋਲਨ ਦੌਰਾਨ ਸਹਿਮਤੀ ਬਣੀ ਸੀ ਕਿ ਖਪਤਕਾਰ ਵਿਸਵਾਸ਼ ਵਿੱਚ ਲਏ ਬਿਨਾਂ ਲਾਗੂ ਨਹੀਂ ਕੀਤਾ ਜਾਵੇਗਾ ਪਰ ਆਰਡੀਨੈਂਸਾਂ ਰਾਹੀਂ ਇਸ ਨੂੰ ਟੇਢੇ ਤਰੀਕੇ ਰਾਹੀਂ ਲਾਗੂ ਕੀਤਾ ਜਾ ਰਿਹਾ ਹੈ ਇਸ ਨੂੰ ਰੱਦ ਕੀਤਾ ਜਾਵੇ,ਦਿੱਲੀ ਅੰਦੋਲਨ ਨਾਲ ਕੀਤੇ ਵਾਅਦੇ ਅਨੁਸਾਰ ਖੇਤੀਬਾੜੀ ਸੈਕਟਰ ਨੂੰ ਪ੍ਰਦੂਸ਼ਣ ਕਾਨੂੰਨ ਤੋ ਬਾਹਰ ਕੀਤਾ ਜਾਵੇ। ਮਨਰੇਗਾ ਤਹਿਤ ਦਿਹਾੜੀ ਵਧਾਕੇ 200 ਦਿਨ ਕੀਤੀ ਜਾਵੇ । ਉਹਨਾਂ ਅੱਗੇ ਕਿਹਾ ਕਿ ਉਪਰੋਕਤ ਮੰਗਾਂ ਨੂੰ ਮੰਗਵਾਉਣ ਅਤੇ ਲਾਗੂ ਕਰਵਾਉਣ ਲਈ ਕਿਸਾਨ ਅੰਦੋਲਨ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਰੈਲੀ ਦੀ ਸਟੇਜ ਸਕੱਤਰ ਦੀ ਭੂਮਿਕਾ ਡਾਕਟਰ ਜਰਨੈਲ ਸਿੰਘ ਕਾਲੇਕੇ ਨੇ ਨਿਭਾਈ ਅਤੇ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ ਸਵਾਜਪੁਰ, ਸੁਖਵਿੰਦਰ ਸਿੰਘ ਸਪੇੜ੍ਹਾ, ਗੁਰਨਾਮ ਸਿੰਘ ਢੈਂਠਲ, ਅਜਾਇਬ ਸਿੰਘ ਟਿਵਾਣਾ, ਬਹਾਦੁਰ ਸਿੰਘ ਦਦਹੇੜਾ, ਗੁਰਧਿਆਨ ਸਿੰਘ ਸਿਓਨਾ, ਇੰਦਰਮੋਹਨ ਸਿੰਘ ਘੁਮਾਣ, ਸੁਰਿੰਦਰ ਕਕਰਾਲਾ, ਪਵਨ ਪਸਿਆਣਾ, ਮੁਖਤਿਆਰ ਸਿੰਘ ਦੁਲੜ , ਜੋਗਿੰਦਰ ਸਿੰਘ , ਪ੍ਰੀਤਮੋਹਿੰਦਰ ਸਿੰਘ, ਪਵਨ ਕੁਮਾਰ ਪਸਿਆਣਾ ਆਦਿ ਨੇ ਸੰਬੋਧਨ ਕੀਤਾ ।
