ਜੇ. ਪੀ. ਨੱਢਾ ਨੇ ਲਗਾਇਆ ਕਾਂਗਰਸ `ਤੇ ਸੰਵਿਧਾਨ ਦੀ ਭਾਵਨਾ ਨੂੰ ਬਦਲਣ ਅਤੇ ਇਸ ਨੂੰ ਦੁਬਾਰਾ ਲਿਖਣ ਦੀ ਕੋਸਿ਼ਸ਼ ਕਰਨ ਦਾ ਦੋਸ਼

ਜੇ. ਪੀ. ਨੱਢਾ ਨੇ ਲਗਾਇਆ ਕਾਂਗਰਸ `ਤੇ ਸੰਵਿਧਾਨ ਦੀ ਭਾਵਨਾ ਨੂੰ ਬਦਲਣ ਅਤੇ ਇਸ ਨੂੰ ਦੁਬਾਰਾ ਲਿਖਣ ਦੀ ਕੋਸਿ਼ਸ਼ ਕਰਨ ਦਾ ਦੋਸ਼
ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਬਣੇ ਰਾਜ ਸਭਾ ਵਿਚ ਸਦਨ ਦੇ ਨੇਤਾ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਜੇਪੀ ਨੱਡਾ ਨੇ ਮੰਗਲਵਾਰ ਨੂੰ ਕਾਂਗਰਸ `ਤੇ ਸੰਵਿਧਾਨ ਦੀ ਭਾਵਨਾ ਨੂੰ ਬਦਲਣ ਅਤੇ ਇਸ ਨੂੰ ਦੁਬਾਰਾ ਲਿਖਣ ਦੀ ਕੋਸਿ਼ਸ਼ ਕਰਨ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਪਿਛਲੀਆਂ ਕਾਂਗਰਸ ਸਰਕਾਰਾਂ ਦੁਆਰਾ ਧਾਰਾ 356 ਦੀ ਵਾਰ-ਵਾਰ ਦੁਰਵਰਤੋਂ ਦੇ ਇਤਿਹਾਸ ਦੇ ਮੱਦੇਨਜ਼ਰ, ਸਰਕਾਰ ਨੇ `ਇਕ ਦੇਸ਼, ਇਕ ਚੋਣ` ਬਿਲ ਨੂੰ ਲਿਆਉਣ ਦਾ ਫ਼ੈਸਲਾ ਕੀਤਾ ਗਿਆ ਹੈ । ਉਨ੍ਹਾਂ ਮੁੱਖ ਵਿਰੋਧੀ ਪਾਰਟੀ ਨੂੰ ਭਾਰਤੀ ਲੋਕਤੰਤਰ ਦੇ ਇਤਿਹਾਸ ਵਿਚ ਕਾਲੇ ਅਧਿਆਏ ਵਜੋਂ ਦਰਜ ਐਮਰਜੈਂਸੀ ਦੇ 50 ਸਾਲ ਪੂਰੇ ਹੋਣ `ਤੇ ਇਸ ਸਾਲ 25 ਜੂਨ ਨੂੰ ਆਯੋਜਤ ਕੀਤੇ ਜਾਣ ਵਾਲੇ `ਸੰਵਿਧਾਨ ਕਤਲ ਦਿਵਸ` ਪ੍ਰੋਗਰਾਮ ਵਿਚ ਪ੍ਰਾਸਚਿਤ ਵਜੋਂ ਸ਼ਾਮਲ ਹੋਣ ਲਈ ਸੱਦਾ ਦਿਤਾ । ਨੱਡਾ ਨੇ ਕਿਹਾ ਕਿ ਅੱਜ ਤੁਸੀਂ `ਇਕ ਦੇਸ਼, ਇਕ ਚੋਣ` ਦੇ ਖ਼ਿਲਾਫ਼ ਖੜੇ ਹੋ। ਤੁਹਾਡੇ ਕਾਰਨ ਹੀ `ਇਕ ਦੇਸ਼, ਇਕ ਚੋਣ` ਲਿਆਉਣੀ ਪਈ ਹੈ। ਕਿਉਂਕਿ 1952 ਤੋਂ 1967 ਤਕ ਦੇਸ਼ ਵਿਚ ਇਕੋ ਸਮੇਂ ਚੋਣਾਂ ਹੋਈਆਂ ਸਨ। ਤੁਸੀਂ (ਕਾਂਗਰਸ) ਵਾਰ-ਵਾਰ ਧਾਰਾ 356 ਦੀ ਵਰਤੋਂ ਕਰ ਕੇ ਰਾਜਾਂ ਦੀਆਂ ਚੁਣੀਆਂ ਹੋਈਆਂ ਸਰਕਾਰਾਂ ਨੂੰ ਡੇਗ ਦਿਤਾ ਅਤੇ ਅਜਿਹਾ ਕਰ ਕੇ ਤੁਸੀਂ ਕਈ ਰਾਜਾਂ ਵਿਚ ਵੱਖਰੀਆਂ ਚੋਣਾਂ ਦੀ ਸਥਿਤੀ ਪੈਦਾ ਕਰ ਦਿਤੀ।
ਭਾਜਪਾ ਪ੍ਰਧਾਨ ਨੇ ਕਿਹਾ ਕਿ ਧਾਰਾ 356 ਦੀ ਕਾਂਗਰਸ ਸਰਕਾਰਾਂ ਨੇ 90 ਵਾਰ ਵਰਤੋਂ ਕੀਤੀ ਹੈ । ਉਨ੍ਹਾਂ ਕਿਹਾ ਕਿ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਧਾਰਾ 356 ਦੀ ਅੱਠ ਵਾਰ, ਇੰਦਰਾ ਗਾਂਧੀ ਨੇ 50 ਵਾਰ, ਰਾਜੀਵ ਗਾਂਧੀ ਨੇ ਨੌਂ ਵਾਰ ਅਤੇ ਮਨਮੋਹਨ ਸਿੰਘ ਨੇ ਧਾਰਾ 356 ਦੀ 10 ਵਾਰ ਦੁਰਵਰਤੋਂ ਕੀਤੀ । ਉਨ੍ਹਾਂ ਕਿਹਾ ਕਿ ਸੰਵਿਧਾਨ ਦੇ 75 ਸਾਲਾਂ ਦੀ ਸ਼ਾਨਦਾਰ ਯਾਤਰਾ `ਚ ਵੀ ਇਨ੍ਹਾਂ ਗੱਲਾਂ ਦਾ ਜ਼ਿਕਰ ਹੋਣਾ ਚਾਹੀਦਾ ਹੈ । (ਲੋਕਾਂ) ਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕਿਵੇਂ ਚੁਣੀਆਂ ਹੋਈਆਂ ਸਰਕਾਰਾਂ ਨੂੰ ਇਕ ਵਾਰ ਨਹੀਂ, ਸਗੋਂ ਵਾਰ-ਵਾਰ ਡੇਗ ਕੇ ਦੇਸ਼ ਨੂੰ ਮੁਸੀਬਤ ਵਿਚ ਪਾ ਦਿਤਾ। ਕਾਂਗਰਸ ਸਰਕਾਰਾਂ ਵਲੋਂ ਕੀਤੀਆਂ ਗਈਆਂ ਵੱਖ-ਵੱਖ ਸੰਵਿਧਾਨਕ ਸੋਧਾਂ ਦਾ ਹਵਾਲਾ ਦਿੰਦਿਆਂ ਸਦਨ ਦੇ ਆਗੂ ਨੇ ਪੁੱਛਿਆ ਕਿ ਕੀ ਦੇਸ਼ ਨੂੰ ਕੋਈ ਖ਼ਤਰਾ ਸੀ ਜੋ ਦੇਸ਼ `ਤੇ ਐਮਰਜੈਂਸੀ ਨੂੰ ਥੋਪਿਆ ਗਿਆ ।
