ਨਾਭਾ ਕੋਤਵਾਲੀ ਦੇ ਐਸ. ਐਚ. ਓ. ਤੇ ਫੈਕਟਰੀ ਵਪਾਰੀ ਹੋਏ ਗੁੱਥਮਗੁੱਥੀ

ਨਾਭਾ ਕੋਤਵਾਲੀ ਦੇ ਐਸ. ਐਚ. ਓ. ਤੇ ਫੈਕਟਰੀ ਵਪਾਰੀ ਹੋਏ ਗੁੱਥਮਗੁੱਥੀ
ਨਾਭਾ : ਜਿ਼ਲਾ ਪਟਿਆਲਾ ਅਧੀਨ ਆਉਂਦੇ ਸ਼ਹਿਰ ਨਾਭਾ ਦੇ ਥਾਣਾ ਕੋਤਵਾਲੀ ਦੇ ਇੰਚਾਰਜ ਐਸ. ਐਚ. ਓ. ਜਸਵਿੰਦਰ ਸਿੰਘ ਜਦੋਂ ਆਪਣੀ ਪੁਲਸ ਟੀਮ ਨਾਲ ਨਾਭਾ ਵਿਖੇ ਬਣੇ ਜੈਨ ਸੈਂਟਰ ਦੇ ਮਾਲਕ ਰਿਸ਼ਵ ਜੈਨ ਦੀ ਫੈਕਟਰੀ ਤੇ ਪੁੱਛਗਿੱਛ ਕਰਨ ਗਏ ਤਾਂ ਉਸ ਵੇਲੇ ਥਾਣਾ ਕੋਤਵਾਲੀ ਨਾਭਾ ਦੇ ਐਸ. ਐਚ. ਓ. ਤੇ ਫੈਕਟਰੀ ਵਪਾਰੀ ਆਪਸ ਵਿਚ ਗੁੱਥਮਗੁੱਥੀ ਹੁੰਦਿਆਂ ਥਪੜਮਥਪੜੀ ਹੋ ਗਏ, ਜਿਸ ਤੇ ਐਸ. ਐਚ. ਓ. ਵਲੋਂ ਫੈਕਟਰੀ ਮਾਲਕ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਜਿਸ ਦੀਆਂ ਕਈ ਤਸਵੀਰਾਂ ਵੀ ਉਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿੱਚ ਕੈਦ ਹੋ ਗਈਆਂ ਹਨ । ਪ੍ਰਾਪਤ ਜਾਣਕਾਰੀ ਅਨੁਸਾਰ ਕੁੱਝ ਦਿਨ ਪਹਿਲਾਂ ਜਿ਼ਲਾ ਮੋਹਾਲੀ ਨਿਵਾਸੀ ਇਕ ਵਿਅਕਤੀ ਵਲੋਂ ਪਲਾਸਟਿਕ ਪਾਈਪ ਬਣਾਉਣ ਵਾਲੀ ਇੱਕ ਕੰਪਨੀ ਦੇ ਨਕਲੀ ਪਾਈਪ ਨਾਭਾ ਵਿਖੇ ਬਣਾਏ ਜਾਣ ਦੀ ਸਿ਼ਕਾਇਤ ਦਿੱਤੀ ਗਈ ਸੀ ਤੇ ਐਸ. ਐਚ. ਓ. ਵਲੋਂ ਉਕਤ ਸਿ਼ਕਾਇਤ ਜਾਂਚ ਕਰਨ ਦੇ ਅਧਾਰ ’ਤੇ ਨਾਭਾ ਦੀ ਬੈਂਕ ਸਟਰੀਟ ਵਿੱਚ ਬਣੇ ਜੈਨ ਸੈਂਟਰੀ ਸਟੋਰ ’ਤੇ ਚੈਕਿੰਗ ਕੀਤੀ ਗਈ । ਉਪਰੋਕਤ ਜਾਂਚ ਦੌਰਾਨ ਦੁਕਾਨ ਅੰਦਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿੱਚ ਕੈਦ ਹੋਈਆਂ ਤਸਵੀਰਾਂ ਅਨੁਸਾਰ ਥਾਣਾ ਕੋਤਵਾਲੀ ਦੇ ਇੰਚਾਰਜ ਜਸਵਿੰਦਰ ਸਿੰਘ ਵਲੋਂ ਅਚਾਨਕ ਹੀ ਦੁਕਾਨਦਾਰ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ ਗਈ ਤਾਂ ਐਸ. ਐਚ. ਓ. ਅਤੇ ਦੁਕਾਨਦਾਰ ਗੁੱਥਮਗੁੱਥੀ ਹੋ ਗਏ । ਥਾਣਾ ਕੋਤਵਾਲੀ ਦੇ ਇੰਚਾਰਜ ਨੇ ਗੁੱਸੇ ਵਿੱਚ ਆ ਕੇ ਉਕਤ ਦੁਕਾਨਦਾਰ ਨੂੰ ਕੋਤਵਾਲੀ ਲੈ ਆਏ ਜਿਸ ਦੇ ਵਿਰੋਧ ਵਿੱਚ ਨਾਭਾ ਦੇ ਵਪਾਰੀਆਂ ਵੱਲੋਂ ਥਾਣਾ ਕੋਤਵਾਲੀ ਦਾ ਘੇਰਾਓ ਕੀਤਾ ਗਿਆ ਹੈ ਅਤੇ ਨਾਭਾ ਦੀ ਪਟਿਆਲਾ ਗੇਟ ਤੇ ਜਾਮ ਲਗਾ ਕੇ ਰੋਸ ਧਰਨਾ ਦਿੱਤਾ ਗਿਆ । ਫਿਲਹਾਲ ਦੁਕਾਨਦਾਰ ਕੋਤਵਾਲੀ ਦੇ ਬਾਹਰ ਵਪਾਰੀ ਨੂੰ ਛੁਡਾਉਣ ਲਈ ਰੋਸ ਧਰਨਾ ਦੇ ਰਹੇ ਹਨ, ਜਦਕਿ ਪੁਲਸ ਕੁਝ ਵੀ ਕਹਿਣ ਤੋਂ ਇਨਕਾਰ ਕਰ ਰਹੀ ਹੈ । ਇਸ ਸਬੰਧੀ ਨਾਭਾ ਦੇ ਵਪਾਰੀਆਂ ਨੇ ਐਸ. ਐਚ. ਓ. ਦੀ ਗੁੰਡਾਗਰਦੀ ਦੇ ਖਿਲਾਫ ਉੱਚ ਅਧਿਕਾਰੀਆਂ ਕੋਲੋਂ ਕਾਰਵਾਈ ਦੀ ਮੰਗ ਕੀਤੀ ਅਤੇ ਤੁਰੰਤ ਵਪਾਰੀ ਨੂੰ ਛੱਡਣ ਦੀ ਅਪੀਲ ਕੀਤੀ ।
