ਮੈਰੀਟੋਰੀਅਸ ਸਕੂਲ ਘਾਬਦਾਂ ਵੱਲੋਂ ਕਰਵਾਈ ਅਥਲੈਟਿਕਸ ਮੀਟ ਵਿੱਚ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਜੇਤੂਆਂ ਨੂੰ ਵੰਡੇ ਇਨਾਮ

ਦੁਆਰਾ: Punjab Bani ਪ੍ਰਕਾਸ਼ਿਤ :Tuesday, 17 December, 2024, 05:30 PM

ਮੈਰੀਟੋਰੀਅਸ ਸਕੂਲ ਘਾਬਦਾਂ ਵੱਲੋਂ ਕਰਵਾਈ ਅਥਲੈਟਿਕਸ ਮੀਟ ਵਿੱਚ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਜੇਤੂਆਂ ਨੂੰ ਵੰਡੇ ਇਨਾਮ
ਖੇਡਾਂ ਵਿਦਿਆਰਥੀਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਨਿਭਾਉਂਦੀਆਂ ਹਨ ਬਹੁਤ ਅਹਿਮ ਰੋਲ : ਡੀ. ਸੀ. ਸੰਦੀਪ ਰਿਸ਼ੀ
ਸੰਗਰੂਰ, 17 ਦਸੰਬਰ : ਮੈਰੀਟੋਰੀਅਸ ਸਕੂਲ ਘਾਬਦਾਂ ਵੱਲੋਂ ਅੱਜ ਸਕੂਲ ਵਿੱਚ ਸਾਲਾਨਾ ਅਥਲੈਟਿਕਸ ਮੀਟ ਕਰਵਾਈ ਗਈ ਜਿਸ ਵਿੱਚ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਡੀ. ਸੀ. ਸੰਦੀਪ ਰਿਸ਼ੀ ਵੱਲੋਂ ਜੇਤੂਆਂ ਨੂੰ ਇਨਾਮ ਵੰਡਣ ਦੇ ਨਾਲ-ਨਾਲ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਵੀ ਕੀਤੀ ਗਈ । ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਇਸ ਤੋਂ ਬਾਅਦ ਮਾਰਚ ਪਾਸਟ ਤੋਂ ਸਲਾਮੀ ਵੀ ਲਈ ਗਈ । ਇਸ ਮੌਕੇ ਬੋਲਦਿਆਂ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੈਰੀਟੋਰੀਅਸ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਉੱਚੇ ਮਿਆਰ ਦੀ ਵਿੱਦਿਆ ਬਿਲਕੁਲ ਮੁਫ਼ਤ ਮੁਹੱਈਆ ਕਰਵਾਈ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਮੁਫ਼ਤ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਮੈਰੀਟੋਰੀਅਸ ਸਕੂਲ ਵਿੱਚ ਅਜਿਹੀਆਂ ਗਤੀਵਿਧੀਆਂ ਕਰਵਾਉਣੀਆਂ ਸ਼ਲਾਘਾਯੋਗ ਕਦਮ ਹੈ । ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਬਹੁਤ ਅਹਿਮ ਰੋਲ ਨਿਭਾਉਂਦੀਆਂ ਹਨ । ਉਨ੍ਹਾਂ ਕਿਹਾ ਕਿ ਟੀਮ ਬਣਾ ਕੇ ਖੇਡੀਆਂ ਜਾਣ ਵਾਲੀਆਂ ਖੇਡਾਂ ਵਿਦਿਆਰਥੀਆਂ ਵਿੱਚ ਯੋਗ ਅਗਵਾਈ, ਇਕੱਠੇ ਹੋ ਕੇ ਚੱਲਣ ਅਤੇ ਨਿਯਮਾਂ ਦਾ ਪਾਲਣ ਕਰਨ ਵਰਗੀਆਂ ਸਮਾਜ ਦੀਆਂ ਅਹਿਮ ਲੋੜਾਂ ਸਹਿਜੇ ਹੀ ਪੂਰੀਆਂ ਕਰਵਾਉਂਦੀਆਂ ਹਨ । ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਅਰਜੋਤ ਕੌਰ, ਲੈਕਚਰਾਰ ਮਨੀਸ਼ ਕੁਮਾਰ, ਲੈਕਚਰਾਰ ਪੁਸ਼ਪਿੰਦਰ ਸਿੰਘ, ਲੈਕਚਰਾਰ ਰਮਨਦੀਪ ਕੌਰ, ਡੀ. ਪੀ. ਈ. ਜਗਤਾਰ ਸਿੰਘ ਤੇ ਗਗਨਦੀਪ ਸਿੰਘ, ਰਜਿਸਟਰਾਰ ਮਨਿੰਦਰ ਸਿੰਘ, ਸਕੂਲ ਦਾ ਹੋਰ ਸਟਾਫ਼ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ ।