ਜ਼ਿਲ੍ਹਾ ਚੋਣ ਅਫ਼ਸਰ ਡਾ. ਪ੍ਰੀਤੀ ਯਾਦਵ ਵੱਲੋਂ ਘੱਗਾ ਸਕੂਲ 'ਚ ਸਟਰਾਂਗ ਰੂਮ ਦਾ ਨਿਰੀਖਣ, ਚੋਣ ਪ੍ਰਬੰਧਾਂ ਦਾ ਜਾਇਜ਼ਾ

ਦੁਆਰਾ: Punjab Bani ਪ੍ਰਕਾਸ਼ਿਤ :Tuesday, 17 December, 2024, 04:53 PM

ਜ਼ਿਲ੍ਹਾ ਚੋਣ ਅਫ਼ਸਰ ਡਾ. ਪ੍ਰੀਤੀ ਯਾਦਵ ਵੱਲੋਂ ਘੱਗਾ ਸਕੂਲ ‘ਚ ਸਟਰਾਂਗ ਰੂਮ ਦਾ ਨਿਰੀਖਣ, ਚੋਣ ਪ੍ਰਬੰਧਾਂ ਦਾ ਜਾਇਜ਼ਾ
-ਐਨ. ਐਸ. ਐਸ. ਕੈਂਪ ਮੌਕੇ ਡਿਪਟੀ ਕਮਿਸ਼ਨਰ ਨੇ ਸੁਤੰਤਰਤਾ ਸੰਗਰਾਮੀ ਹਰਭਜਨ ਸਿੰਘ ਸਕੂਲ ਆਫ਼ ਐਮੀਨੈਂਸ ਘੱਗਾ ਦੇ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ
ਘੱਗਾ, 17 ਦਸੰਬਰ : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਡਾ. ਪ੍ਰੀਤੀ ਯਾਦਵ ਨੇ ਨਗਰ ਪੰਚਾਇਤ ਘੱਗਾ ਦੀਆਂ ਆਮ ਚੋਣਾਂ ਲਈ ਘੱਗਾ ਵਿਖੇ ਵੋਟਿੰਗ ਮਸ਼ੀਨਾਂ ਨੂੰ ਰੱਖਣ ਲਈ ਬਣਾਏ ਗਏ ਸਟਰਾਂਗ ਰੂਮ ਦਾ ਜਾਇਜ਼ਾ ਲਿਆ। ਉਨ੍ਹਾਂ ਦੇ ਨਾਲ ਐਸ. ਡੀ. ਐਮ. ਸਮਾਣਾ ਤੇ ਰਿਟਰਨਿੰਗ ਅਫ਼ਸਰ ਤਰਸੇਮ ਚੰਦ ਵੀ ਮੌਜੂਦ ਸਨ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਗਰ ਪੰਚਾਇਤ ਘੱਗਾ ਵਿਖੇ 12 ਪੋਲਿੰਗ ਬੂਥ ਹਨ ਅਤੇ ਇੱਥੇ 12 ਹੀ ਪੋਲਿੰਗ ਮਸ਼ੀਨਾਂ ਵਰਤੀਆਂ ਜਾਣੀਆਂ ਹਨ, ਜਿਨ੍ਹਾਂ ਨੂੰ ਸੁਤੰਤਰਤਾ ਸੰਗਰਾਮੀ ਹਰਭਜਨ ਸਿੰਘ ਸਕੂਲ ਆਫ਼ ਐਮੀਨੈਂਸ ਘੱਗਾ ਵਿਖੇ ਬਣਾਏ ਗਏ ਸਟਰਾਂਗ ਰੂਮ ਵਿਖੇ ਸੁਰੱਖਿਆ ਪ੍ਰਬੰਧਾਂ ਹੇਠ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਟਰਾਂਗ ਰੂਮ ਵਿੱਚ ਸੀਸੀਟੀਵੀ ਕੈਮਰੇ ਸਮੇਤ ਸੁਰੱਖਿਆ ਅਮਲਾ ਤਾਇਨਾਤ ਕੀਤਾ ਗਿਆ ਹੈ । ਡਾ. ਪ੍ਰੀਤੀ ਯਾਦਵ ਨੇ ਰਿਟਰਨਿੰਗ ਅਧਿਕਾਰੀ ਤਰਸੇਮ ਚੰਦ ਤੋਂ ਚੋਣ ਪ੍ਰਬੰਧਾਂ ਬਾਰੇ ਜਾਣਕਾਰੀ ਲਈ ਤੇ ਚੋਣ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਘੱਗਾ ਨਗਰ ਪੰਚਾਇਤ ਚੋਣਾਂ ਲਈ ਕੁਲ 8359 ਵੋਟਰ ਹਨ, ਜਿਨ੍ਹਾਂ ਵਿੱਚੋਂ 4067 ਮਹਿਲਾ ਵੋਟਰ ਅਤੇ 4292 ਮਰਦ ਵੋਟਰ ਹਨ । ਉਨ੍ਹਾਂ ਕਿਹਾ ਕਿ ਵਾਰਡ ਨੰਬਰ ਦੋ ਦੀ ਚੋਣ ਬਿਨ੍ਹਾਂ ਮੁਕਾਬਲਾ ਸੰਪੰਨ ਹੋ ਗਈ ਹੈ ਤੇ ਹੁਣ ਕੇਵਲ 12 ਵਾਰਡਾਂ ਵਿੱਚ ਚੋਣ ਹੋਵੇਗੀ । ਇਸ ਦੌਰਾਨ ਹੀ ਡਿਪਟੀ ਕਮਿਸ਼ਨਰ ਨੇ ਸੁਤੰਤਰਤਾ ਸੰਗਰਾਮੀ ਹਰਭਜਨ ਸਿੰਘ ਸਕੂਲ ਆਫ਼ ਐਮੀਨੈਂਸ ਘੱਗਾ ਵਿਖੇ ਲਗਾਏ ਜਾ ਰਹੇ 7 ਰੋਜ਼ਾ ਐਨ. ਐਸ. ਐਸ. ਕੈਂਪ ਮੌਕੇ ਵਿਦਿਆਰਥੀਆਂ ਨਾਲ ਵੀ ਮੁਲਾਕਾਤ ਕੀਤੀ । ਡਾ. ਪ੍ਰੀਤੀ ਯਾਦਵ ਨੇ ਵਿਦਿਆਰਥੀਆਂ ਨੂੰ ਜੀਵਨ ‘ਚ ਮਿਹਨਤ ਕਰਕੇ ਅੱਗੇ ਵਧਣ ਲਈ ਪ੍ਰੇਰਤ ਕੀਤਾ। ਸਕੂਲ ਦੇ ਪ੍ਰਿੰਸੀਪਲ ਸੁਖਜਿੰਦਰ ਕੌਰ ਨੇ ਡਿਪਟੀ ਕਮਿਸ਼ਨਰ ਨੂੰ ਐਨ. ਐਸ. ਐਸ. ਕੈਂਪ ਬਾਰੇ ਜਾਣਕਾਰੀ ਦਿੱਤੀ ਤੇ ਦੱਸਿਆ ਕਿ 50 ਵਿਦਿਆਰਥੀ ਇਸ ਕੈਂਪ ‘ਚ ਹਿੱਸਾ ਲੈ ਰਹੇ ਹਨ ਤੇ ਵਿਦਿਆਰਥੀਆਂ ਨੂੰ ਲਗਾਤਾਰ ਸਾਫ਼-ਸਫ਼ਾਈ, ਨਸ਼ਿਆਂ ਵਿਰੁੱਧ ਜਾਗਰੂਕਤਾ ਅਤੇ ਹੋਰ ਸਮਾਜਿਕ ਮੁੱਦਿਆਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ।