ਐਸ. ਡੀ. ਐਮ. ਸੂਬਾ ਸਿੰਘ ਨੇ ਪਰਾਲੀ ਸਾੜਨ ਤੋਂ ਰੋਕਣ ਲਈ ਜਾਗਰੂਕਤਾ ਮੁਹਿੰਮ ਤਹਿਤ ਕਈ ਪਿੰਡਾਂ ਵਿੱਚ ਖੁਦ ਕੀਤਾ ਦੌਰਾ

ਐਸ. ਡੀ. ਐਮ. ਸੂਬਾ ਸਿੰਘ ਨੇ ਪਰਾਲੀ ਸਾੜਨ ਤੋਂ ਰੋਕਣ ਲਈ ਜਾਗਰੂਕਤਾ ਮੁਹਿੰਮ ਤਹਿਤ ਕਈ ਪਿੰਡਾਂ ਵਿੱਚ ਖੁਦ ਕੀਤਾ ਦੌਰਾ
ਲਹਿਰਾਗਾਗਾ, 16 ਨਵੰਬਰ : ਉਪ ਮੰਡਲ ਮੈਜਿਸਟਰੇਟ ਸੂਬਾ ਸਿੰਘ ਨੇ ਅੱਜ ਸਬ ਡਵੀਜ਼ਨ ਦੇ ਵੱਡੀ ਗਿਣਤੀ ਪਿੰਡਾਂ ਕੋਟੜਾ ਲਹਿਲ, ਡਸਕਾ, ਹਰਿਆਊ, ਅੜਕਵਾਸ, ਸੰਗਤਪੁਰਾ, ਫਤਿਹਗੜ੍ਹ ਆਦਿ ਵਿੱਚ ਖੁਦ ਦੌਰਾ ਕਰਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕੀਤਾ । ਉਹਨਾਂ ਨੇ ਕਿਹਾ ਕਿ ਕਿਸਾਨ ਵੀਰ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਤੇ ਖੇਤਾਂ ਵਿੱਚ ਹੀ ਇਸ ਨੂੰ ਰਲਾਉਣ ਦੀ ਪ੍ਰਕਿਰਿਆ ਨੂੰ ਅਪਣਾਉਣ ਕਿਉਂਕਿ ਵਾਤਾਵਰਨ ਨੂੰ ਸਾਫ ਸੁਥਰਾ ਰੱਖਣਾ ਅੱਜ ਦੇ ਸਮੇਂ ਦੀ ਬਹੁਤ ਜਰੂਰੀ ਲੋੜ ਬਣ ਗਿਆ ਹੈ । ਉਹਨਾਂ ਕਿਹਾ ਕਿ ਜ਼ਹਿਰੀਲੇ ਧੂਏਂ ਨੇ ਸਭ ਨੂੰ ਖਤਰੇ ਵਿੱਚ ਪਾ ਦਿੱਤਾ ਹੈ ਜਿਸ ਤੋਂ ਬਚਾਅ ਲਈ ਪਰਾਲੀ ਸਾੜਨ ਜਿਹੇ ਰੁਝਾਨ ਨੂੰ ਸਭ ਦੀ ਸਾਂਝੇਦਾਰੀ ਸਦਕਾ ਹੀ ਰੋਕਿਆ ਜਾ ਸਕਦਾ ਹੈ। ਐਸ. ਡੀ. ਐਮ. ਸੂਬਾ ਸਿੰਘ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਵੀ ਪਿਛਲੇ ਦਿਨਾਂ ਵਿੱਚ ਸਬ ਡਵੀਜ਼ਨ ਲਹਿਰਾ ਦੇ ਕਈ ਪਿੰਡਾਂ ਵਿੱਚ ਦੌਰਾ ਕਰਕੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਵਾਸਤੇ ਉਤਸ਼ਾਹਿਤ ਕੀਤਾ ਗਿਆ ਅਤੇ ਸਰਕਾਰ ਦੀਆਂ ਕਿਸਾਨ ਪੱਖੀ ਯੋਜਨਾਵਾਂ ਬਾਰੇ ਜਾਣੂ ਕਰਵਾਇਆ ਗਿਆ । ਐਸ. ਡੀ. ਐਮ. ਨੇ ਵੱਖ-ਵੱਖ ਪਿੰਡਾਂ ਵਿੱਚ ਕਾਰਜਸ਼ੀਲ ਪ੍ਰਸ਼ਾਸਨਿਕ ਚੌਕਸੀ ਟੀਮਾਂ ਨੂੰ ਵਧੇਰੇ ਮੁਸਤੈਦ ਰਹਿਣ ਲਈ ਆਖਿਆ ਅਤੇ ਖੇਤਾਂ ਵਿੱਚ ਕੰਮ ਕਰਦੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਉਪਲਬਧ ਖੇਤੀ ਮਸ਼ੀਨਰੀ ਬਾਰੇ ਜਾਣਕਾਰੀ ਦਿੱਤੀ ।
