ਜਦੋਂ ਤੋਂ ਸੁਖਬੀਰ ਬਾਦਲ ਨੇ ਪਾਰਟੀ ਦੀ ਵਾਗਡੋਰ ਸੰਭਾਲੀ ਹੈ, ਅਕਾਲੀ ਦਲ ਹਾਸ਼ੀਏ `ਤੇ ਚਲਾ ਗਿਆ ਹੈ : ਢੀਂਡਸਾ

ਜਦੋਂ ਤੋਂ ਸੁਖਬੀਰ ਬਾਦਲ ਨੇ ਪਾਰਟੀ ਦੀ ਵਾਗਡੋਰ ਸੰਭਾਲੀ ਹੈ, ਅਕਾਲੀ ਦਲ ਹਾਸ਼ੀਏ `ਤੇ ਚਲਾ ਗਿਆ ਹੈ : ਢੀਂਡਸਾ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਬੜੇ ਦੁੱਖ ਦੀ ਗੱਲ ਹੈ ਕਿ ਪੰਥ ਅਤੇ ਪੰਜਾਬ ਦੀ ਮੋਹਰੀ ਜਥੇਬੰਦੀ ਮੌਜੂਦਾ ਸਿਆਸੀ ਹਾਲਾਤ ਵਿੱਚ ਚਾਰ ਉਮੀਦਵਾਰ ਵੀ ਮੈਦਾਨ ਵਿੱਚ ਨਹੀਂ ਉਤਾਰ ਸਕੀ। ਜਦੋਂ ਕਿ ਅਕਾਲੀ ਦਲ ਨੇ ਮਾੜੇ ਹਾਲਾਤਾਂ `ਚ ਉਸ ਸਮੇਂ ਆਪਣਾ ਝੰਡਾ ਬੁਲੰਦ ਕੀਤਾ ਸੀ ਜਦੋਂ ਕੇਂਦਰ ਦੀ ਸੱਤਾਧਾਰੀ ਪਾਰਟੀ ਉਨ੍ਹਾਂ ਨੂੰ ਨਸਲੀ ਅਤੇ ਸਿਆਸੀ ਤੌਰ `ਤੇ ਰੋਕਣ ਦੀ ਕੋਸਿ਼ਸ਼ ਕਰ ਰਹੀ ਸੀ ਪਰ ਅੱਜ ਜਦੋਂ ਇਹ ਪਾਰਟੀ ਆਪਣੇ ਸੌ ਸਾਲਾ ਇਤਿਹਾਸ ਦਾ ਜਸ਼ਨ ਮਨਾ ਰਹੀ ਹੈ ਤਾਂ ਉਸ ਸਮੇਂ ਸਾਡੇ ਕੋਲ ਸਿਰਫ਼ ਚਾਰ ਉਮੀਦਵਾਰ ਵੀ ਚੋਣ ਲੜਨ ਲਈ ਨਹੀਂ ਸਨ । ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਸਥਿਤੀ ਲਈ ਸਿੱਧੇ ਤੌਰ `ਤੇ ਸੁਖਬੀਰ ਸਿੰਘ ਬਾਦਲ ਨੂੰ ਜ਼ਿੰਮੇਵਾਰ ਠਹਿਰਾਇਆ । ਉਨ੍ਹਾਂ ਕਿਹਾ ਕਿ ਜਦੋਂ ਤੋਂ ਸੁਖਬੀਰ ਬਾਦਲ ਨੇ ਪਾਰਟੀ ਦੀ ਵਾਗਡੋਰ ਸੰਭਾਲੀ ਹੈ, ਅਕਾਲੀ ਦਲ ਹਾਸ਼ੀਏ `ਤੇ ਚਲਾ ਗਿਆ ਹੈ ਅਤੇ ਪਿਛਲੀਆਂ ਲਗਾਤਾਰ ਚਾਰ ਚੋਣਾਂ `ਚ ਉਸ ਨੂੰ ਨੁਕਸਾਨ ਝੱਲਣਾ ਪਿਆ ਹੈ। ਆਪਣੀ ਸ਼ਤਾਬਦੀ ਮੌਕੇ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਸਿਰਫ਼ ਤਿੰਨ ਸੀਟਾਂ `ਤੇ ਸਿਮਟ ਗਿਆ ਸੀ ਅਤੇ 2024 ਵਿਚ ਦਸ ਸੀਟਾਂ `ਤੇ ਇਸ ਦੀ ਜ਼ਮਾਨਤ ਜ਼ਬਤ ਹੋ ਗਈ ਸੀ । ਢੀਂਡਸਾ ਨੇ ਦੁਹਰਾਇਆ ਕਿ ਉਨ੍ਹਾਂ ਨੇ 2017 ਵਿਚ ਹੋਈ ਨਮੋਸ਼ੀਜਨਕ ਹਾਰ ਤੋਂ ਬਾਅਦ ਸੁਖਬੀਰ ਬਾਦਲ ਨੂੰ ਅਸਤੀਫਾ ਦੇਣ ਅਤੇ ਅਹੁਦਾ ਛੱਡਣ ਦੀ ਬੇਨਤੀ ਕੀਤੀ ਸੀ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਬੇਨਤੀ ਕੀਤੀ ਸੀ ਕਿ ਸੁਖਬੀਰ ਅਹੁਦਾ ਛੱਡ ਦੇਣ ਅਤੇ ਕਮਾਂਡ ਸੰਭਾਲ ਲੈਣ ਪਰ ਉਨ੍ਹਾਂ ਦੀ ਸਲਾਹ ਨਹੀਂ ਮੰਨੀ ਗਈ ਅਤੇ ਜਦੋਂ ਅਕਾਲੀ ਦਲ ਬੁਰੀ ਤਰ੍ਹਾਂ ਹਾਸ਼ੀਏ `ਤੇ ਪਹੁੰਚ ਗਿਆ, ਅਸਤੀਫਾ ਦੇ ਦਿੱਤਾ ।
