ਨੈਸ਼ਨਲ ਥੀਏਟਰ ਫੈਸਟੀਵਲ ਦੇ ਆਖਰੀ ਦਿਨ ਦਿੱਲੀ ਦੇ ਕਲਾਕਾਰਾਂ ਨੇ ਬੰਨ੍ਹਿਆ ਰੰਗ

ਨੈਸ਼ਨਲ ਥੀਏਟਰ ਫੈਸਟੀਵਲ ਦੇ ਆਖਰੀ ਦਿਨ ਦਿੱਲੀ ਦੇ ਕਲਾਕਾਰਾਂ ਨੇ ਬੰਨ੍ਹਿਆ ਰੰਗ
– ਨੈਸ਼ਨਲ ਥੀਏਟਰ ਫੈਸਟੀਵਲ ਦੇ ਆਖਰੀ ਦਿਨ ਨਾਟਕ ‘‘ਟੈਕਸ ਫ੍ਰੀ’’ ਦਾ ਸਫਲ ਮੰਚਨ
– ਮਹਾਂਭਾਰਤ ਦੀਆਂ ਇਸਤਰੀ ਪਾਤਰਾਂ ’ਤੇ ਅਧਾਰਿਤ ਡਾਂਸ ਦੀ ਸਫਲ ਪੇਸ਼ਕਾਰੀ
ਪਟਿਆਲਾ : ਕਲਾ ਕ੍ਰਿਤੀ ਪਟਿਆਲਾ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਨੌਰਥ ਜੋਨ ਕਲਚਰਲ ਸੈਂਟਰ (ਐੱਨ. ਜੈੱਡ. ਸੀ. ਸੀ.) ਦੇ ਸਹਿਯੋਗ ਨਾਲ ਆਯੋਜਿਤ ਸੱਤ ਰੋਜ਼ਾ ਨੈਸ਼ਨਲ ਥੀਏਟਰ ਫੈਸਟੀਵਲ ਦੇ ਆਖਰੀ ਦਿਨ ਨਾਟਕ ‘ਟੈਕਸ ਫ੍ਰੀ’ ਦੀ ਸਫਲ ਪੇਸ਼ਕਾਰੀ ਡਰਾਮਾਟਰਜੀ ਆਰਟਸ ਐਂਡ ਕਲਚਰ ਸੁਸਾਇਟੀ ਦਿੱਲੀ ਦੇ ਕਲਾਕਾਰਾਂ ਵੱਲੋਂ ਕੀਤੀ ਗਈ। ਜਿਸ ਦਾ ਨਿਰਦੇਸ਼ਨ ਸੁਨੀਲ ਚੌਹਾਨ ਨੇ ਬਾਖੂਬੀ ਢੰਗ ਨਾਲ ਨਿਭਾਇਆ । ਇਹ ਨਾਟਕ ਚਾਰ ਅੰਨੇ ਨੌਜਵਾਨਾਂ ’ਤੇ ਅਧਾਰਿਤ ਹੈ। ਜਿਸ ਰਾਹੀਂ ਇਹ ਦਿਖਾਇਆ ਗਿਆ ਕਿ ਜ਼ਿੰਦਗੀ ਦੇ ਪਲਾਂ ਨੂੰ ਖੁੱਲ੍ਹ ਕੇ ਜੀਣਾ ਹੀ ਅਸਲ ਜ਼ਿੰਦਗੀ ਹੈ, ਇਸ ਦੇ ਨਾਲ ਹੀ ਸਮਾਜਿਕ ਤਾਣੇ ਬਾਣੇ ਨੂੰ ਸਮਝਾਉਣ ਦਾ ਯਤਨ ਵੀ ਕੀਤਾ ਗਿਆ ਹੈ । ਨਾਟਕ ਵਿਚਲੇ ਕਲਾਕਾਰ ਅਕਰਮ ਖਾਨ, ਕੁਸ਼ਲ ਦੇਵਗਨ, ਸੁਜਲ ਕੁਮਾਰ, ਪ੍ਰਦੀਪ ਕੁਮਾਰ, ਰਾਘਵ ਸ਼ੁਕਲਾ ਨੇ ਸ਼ਾਨਦਾਰ ਭੂਮਿਕਾ ਨਿਭਾਉਂਦੇ ਹੋਏ ਸਮੁੱਚੇ ਦਰਸ਼ਕਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ, ਇਸ ਦੇ ਨਾਲ ਹੀ ਲਾਈਟਿੰਗ ਸੁਨੀਲ ਚੌਹਾਨ ਅਤੇ ਸੰਗੀਤ ਵਿਵਸਥਾ ਪੁਲਕਿਤ ਪਰਾਗ ਨੇ ਕੀਤੀ, ਇਸ ਦੇ ਨਾਲ ਹੀ ਡਾਇਰੈਕਟਰ ਅਰੁਨਵਾ ਬਰਮਨ ਦੀ ਨਿਰਦੇਸ਼ਨਾ ਹੇਠ ਸਫਿਨਿਕਸ ਡਾਂਸ ਕ੍ਰਿਏਸ਼ਨ ਕਲਕੱਤਾ ਦੇ ਗਰੁੱਪ ਵੱਲੋਂ ਡਾਂਸ ‘ਤੇਜਾ ਤੁਰੇਆ’ ਦੀ ਸਫਲ ਪੇਸ਼ਕਾਰੀ ਕੀਤੀ ਗਈ । ਉਕਤ ਡਾਂਸ ਦੀ ਪੇਸ਼ਕਾਰੀ ਮਹਾਂਭਾਰਤ ਦੀਆਂ ਇਸਤਰੀ ਪਾਤਰਾਂ ’ਤੇ ਅਧਾਰਿਤ ਰਹੀ। ਇਸ ਡਾਂਸ ਰਾਹੀਂ ਗੰਧਾਰੀ, ਸ਼ਿਖੰਡੀ, ਦਰੋਪਦੀ, ਹਿਡਿੰਬਾ ਅਤੇ ਚਿਤਰਾਂਗਦਾ ਵਰਗੀਆਂ ਵੱਖ-ਵੱਖ ਇਸਤਰੀ ਪਾਤਰਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ । ਡਾਂਸ ਦੀ ਪੇਸ਼ਕਾਰੀ ਸਾਸਵਤਾ, ਦਿਸ਼ਾਨੀ, ਸੁਭਾਰਸੀ, ਸ੍ਰੀਲੇਖਾ ਅਤੇ ਇੰਦਰਾਜੀਤ ਵੱਲੋਂ ਦਿੱਤੀ ਗਈ । ਜਿਸ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ ਅਤੇ ਉਹ ਆਪਣੀਆਂ ਸੀਟਾਂ ਤੋਂ ਖੜ੍ਹੇ ਹੋ ਕੇ ਤਾੜੀਆ ਮਾਰੇ ਬਗੈਰ ਨਾ ਰਹਿ ਸਕੇ ।
ਫੈਸਟੀਵਲ ਦੇ ਆਖਰੀ ਦਿਨ ਵਿਸ਼ਵ ਭਰ ਵਿੱਚ ਦਾਨਵੀਰ ਵਜੋਂ ਜਾਣੇ ਜਾਂਦੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ .ਪੀ. ਸਿੰਘ ਓਬਰਾਏ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਉਨ੍ਹਾਂ ਨੇ ਕਲਾਕਾਰਾਂ ਦੀ ਪ੍ਰਸੰਸ਼ਾ ਕਰਦੇ ਹੋਏ ਇਨ੍ਹਾਂ ਡਾਂਸ ਤੇ ਨਾਟਕ ਰਾਹੀਂ ਜੋ ਸਮਾਜ ਪ੍ਰਤੀ ਚੇਤਨਾ ਜਗਾਈ ਜਾ ਰਹੀ ਹੈ ਉਸਦੀ ਤਾਰੀਫ ਕੀਤੀ । ਉਨ੍ਹਾਂ ਕਿਹਾ ਕਿ ਅਸੀਂ ਹਰ ਦੁਖਿਆਰੇ, ਹਰ ਸਖਸ਼, ਹਰ ਇੱਕ ਸਮਾਜ ਦੀ ਸਮੱਸਿਆ ਤੱਕ ਪਹੁੰਚਣ ਦਾ ਯਤਨ ਕਰ ਰਹੇ ਹਾਂ ਤਾਂ ਸੁਧਾਰ ਕੀਤਾ ਜਾ ਸਕੇ । ਜਿਸ ਕਰਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਕਲਾ ਕ੍ਰਿਤੀ ਪਟਿਆਲਾ ਦਾ ਸੁਮੇਲ ਹੋਇਆ।
ਇਸ ਦੇ ਨਾਲ ਹੀ ਮੁੱਖ ਮਹਿਮਾਨ ਜਸਟਿਸ ਐਮ. ਐਮ. ਐਸ. ਬੇਦੀ, ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਦੇ ਸਾਬਕਾ ਵਾਈਸ ਚਾਂਸਲਰ ਡਾ. ਰਾਜ ਬਹਾਦਰ ਨੇ ਕਲਾ ਕ੍ਰਿਤੀ ਪਟਿਆਲਾ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਕਰਵਾਏ ਜਾ ਰਹੇ ਇਸ ਫੈਸਟੀਵਲ ਦੀ ਸਫਲਤਾ ਲਈ ਵਿਸ਼ੇਸ਼ ਤੌਰ ’ਤੇ ਕਲਾਕ੍ਰਿਤੀ ਡਾਇਰੈਕਟਰ ਪਰਮਿੰਦਰ ਪਾਲ ਕੌਰ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਤਰਾਂ ਦੇ ਫੈਸਟੀਵਲ ਸਮੇਂ ਸਮੇਂ ’ਤੇ ਹੋਣੇ ਬਹੁਤ ਜਰੂਰੀ ਹਨ। ਜਿਸ ਨਾਲ ਸਮਾਜ ਨੂੰ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ । ਇਸ ਮੌਕੇ ਨੌਰਥ ਜੋਨ ਕਲਚਰਲ ਸੈਂਟਰ ਦੇ ਸਹਾਇਕ ਡਾਇਰੈਕਟਰ ਰਵਿੰਦਰ ਸ਼ਰਮਾ ਅਤੇ ਪ੍ਰਸਾਸ਼ਨਿਕ ਅਧਿਕਾਰੀ ਭੁਪਿੰਦਰ ਸਿੰਘ ਸ਼ੋਫਤ ਨੇ ਵਿਸ਼ੇਸ਼ ਤੌੌਰ ’ਤੇ ਸ਼ਿਰਕਤ ਕਰਕੇ ਕਲਾਕਰਾਂ ਦੀ ਹੌਸਲਾ ਅਫਜਾਈ ਕੀਤੀ ।
