ਕਿਸਾਨਾਂ ਨੂੰ ਡੀ. ਏ. ਪੀ. ਖਾਦ ਮੁਹੱਈਆ ਕਰਵਾਉਣ ਲਈ ਖੇਤੀਬਾੜੀ ਵਿਭਾਗ ਸਰਗਰਮ
ਕਿਸਾਨਾਂ ਨੂੰ ਡੀ. ਏ. ਪੀ. ਖਾਦ ਮੁਹੱਈਆ ਕਰਵਾਉਣ ਲਈ ਖੇਤੀਬਾੜੀ ਵਿਭਾਗ ਸਰਗਰਮ
ਸਮਾਣਾ/ਪਟਿਆਲਾ, 13 ਨਵੰਬਰ : ਪਟਿਆਲਾ ਜ਼ਿਲ੍ਹੇ ਦੇ ਕਿਸਾਨਾਂ ਨੂੰ ਕਣਕ, ਸਬਜ਼ੀਆਂ ਤੇ ਹੋਰ ਫ਼ਸਲਾਂ ਦੀ ਬਿਜਾਈ ਲਈ ਖਾਦਾਂ ਉਪਲਬੱਧ ਕਰਵਾਉਣ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਸਰਗਰਮੀ ਨਾਲ ਆਪਣੀ ਭੂਮਿਕਾ ਨਿਭਾਅ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਖਾਦਾਂ ਦੀ ਨਿਰਵਿਘਨ ਸਪਲਾਈ ਕਰਨ ਲਈ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਖਾਦ ਵਿਕਰੇਤਾਵਾਂ ਦੇ ਸਟਾਕ ਦੀ ਚੈਕਿੰਗ ਕੀਤੀ ਜਾ ਰਹੀ ਹੈ । ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਸਾਰੇ ਬਲਾਕਾਂ ਵਿੱਚ ਬਲਾਕ ਖੇਤੀਬਾੜੀ ਅਫ਼ਸਰ ਆਪਣੀ ਨਿਗਰਾਨੀ ਹੇਠ ਖਾਦ ਵਿਕਰੇਤਾਵਾਂ ਤੋਂ ਬਿਨਾਂ ਕਿਸੇ ਪੱਖਪਾਤ ਅਤੇ ਪਾਰਦਰਸ਼ੀ ਢੰਗ ਨਾਲ ਕਿਸਾਨਾਂ ਨੂੰ ਖਾਦ ਦੀ ਵੰਡ ਵਾਜਬ ਭਾਅ ‘ਤੇ ਕਰਵਾਉਣੀ ਯਕੀਨੀ ਬਣਾਈ ਜਾ ਰਹੀ ਹੈ ਤਾਂ ਜੋ ਡੀ. ਏ. ਪੀ ਤੇ ਹੋਰ ਖਾਦਾਂ ਦੀ ਕਾਲਾਬਜ਼ਾਰੀ ਅਤੇ ਜਮ੍ਹਾਂਖੋਰੀ ਨਾ ਹੋ ਸਕੇ । ਇਸੇ ਲਈ ਹਰ ਖਾਦ ਵਿਕਰੇਤਾ ਦੇ ਸਟਾਕ ਰਜਿਸਟਰ ਦੀ ਵੀ ਨਿਯਮਤ ਰੂਪ ਵਿੱਚ ਚੈਕਿੰਗ ਕੀਤਾ ਜਾ ਰਿਹਾ ਹੈ । ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਬਲਾਕ ਖੇਤੀਬਾੜੀ ਅਫ਼ਸਰ ਸਮਾਣਾ ਡਾ. ਸਤੀਸ਼ ਕੁਮਾਰ ਵੱਲੋਂ ਸਮਾਣਾ ਵਿਖੇ ਅਤੇ ਭੁਨਰਹੇੜੀ, ਪਾਤੜਾਂ, ਨਾਭਾ, ਰਾਜਪੁਰਾ ਆਦਿ ਸਾਰੇ ਬਲਾਕਾਂ ਵਿੱਚ ਖਾਦਾਂ ਦੀ ਸਪਲਾਈ ਨਿਰਵਿਘਨ ਕਰਵਾਈ ਜਾ ਰਹੀ ਹੈ । ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਮਿੱਟੀ ਦੀ ਲੋੜ ਅਨੁਸਾਰ ਹੀ ਖੇਤਾਂ ਵਿੱਚ ਖਾਦਾਂ ਦੀ ਵਰਤੋਂ ਕਰਨ ਤਾਂ ਜੋ ਬੇਲੋੜੇ ਖਰਚ ਤੋਂ ਬਚਿਆ ਜਾ ਸਕੇ ਅਤੇ ਫ਼ਸਲ ਦੀ ਕੁਆਲਿਟੀ ਵੀ ਚੰਗੀ ਰਹੇ ।