ਹਾਈਕੋਰਟ ਦੇ ਨੋਟਿਸ ਨੇ ਪ੍ਰਸਿੱਧ ਕ੍ਰਿਕਟਰ ਮਹੇਂਦਰ ਸਿੰਘ ਧੋਨੀ ਦੀਆਂ ਮੁਸ਼ਕਲਾਂ ਵਿਚ ਕੀਤਾ ਵਾਧਾ
ਹਾਈਕੋਰਟ ਦੇ ਨੋਟਿਸ ਨੇ ਪ੍ਰਸਿੱਧ ਕ੍ਰਿਕਟਰ ਮਹੇਂਦਰ ਸਿੰਘ ਧੋਨੀ ਦੀਆਂ ਮੁਸ਼ਕਲਾਂ ਵਿਚ ਕੀਤਾ ਵਾਧਾ
ਨਵੀਂ ਦਿੱਲੀ : ਝਾਰਖੰਡ ਹਾਈ ਕੋਰਟ ਨੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਨੋਟਿਸ ਜਾਰੀ ਕੀਤਾ ਹੈ। ਹਾਈ ਕੋਰਟ ਨੇ ਧੋਖਾਧੜੀ ਮਾਮਲੇ ‘ਚ ਸਾਬਕਾ ਕ੍ਰਿਕਟਰ ਮਿਹਿਰ ਦਿਵਾਕਰ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਧੋਨੀ ਨੂੰ ਆਪਣਾ ਪੱਖ ਰੱਖਣ ਦਾ ਨਿਰਦੇਸ਼ ਦਿੱਤਾ ਹੈ । ਝਾਰਖੰਡ ਹਾਈ ਕੋਰਟ ਨੇ ਮਹਿੰਦਰ ਸਿੰਘ ਧੋਨੀ ਨੂੰ ਉਸ ਦੇ ਸਾਬਕਾ ਸਾਥੀਆਂ ਮਿਹਿਰ ਦਿਵਾਕਰ ਅਤੇ ਸੌਮਿਆ ਦਾਸ ਦੁਆਰਾ ਦਾਇਰ ਇੱਕ ਮਾਮਲੇ ਵਿੱਚ ਨੋਟਿਸ ਜਾਰੀ ਕੀਤਾ ਹੈ । ਦੱਸਣਯੋਗ ਹੈ ਕਿ ਦਿਵਾਕਰ ਅਤੇ ਦਾਸ ‘ਆਰਕਾ ਸਪੋਰਟਸ ਐਂਡ ਮੈਨੇਜਮੈਂਟ ਲਿਮਿਟੇਡ’ ਦੇ ਡਾਇਰੈਕਟਰ ਹਨ ਅਤੇ ਮਹਿੰਦਰ ਸਿੰਘ ਧੋਨੀ ਅਤੇ ਮਿਹਿਰ ਦਿਵਾਕਰ ਵਿਚਾਲੇ ਵਿਸ਼ਵ ਪੱਧਰ ‘ਤੇ ਕ੍ਰਿਕਟ ਅਕੈਡਮੀ ਖੋਲ੍ਹਣ ਲਈ ਸਮਝੌਤਾ ਹੋਇਆ ਸੀ । ਧੋਨੀ ਨੇ 5 ਜਨਵਰੀ ਨੂੰ ਰਾਂਚੀ ‘ਚ ਦੋਵਾਂ ਖਿਲਾਫ ਧੋਖਾਧੜੀ ਦਾ ਦੋਸ਼ ਲਗਾਉਂਦੇ ਹੋਏ ਅਪਰਾਧਿਕ ਸ਼ਿਕਾਇਤ ਦਰਜ ਕਰਵਾਈ ਸੀ । ਸ਼ਿਕਾਇਤ ਵਿੱਚ ਧੋਨੀ ਨੇ ਦੋਸ਼ ਲਾਇਆ ਕਿ 2021 ਵਿੱਚ ਉਸਦੇ ਅਧਿਕਾਰਾਂ ਨੂੰ ਰੱਦ ਕਰਨ ਤੋਂ ਬਾਅਦ ਵੀ ਦੋਵਾਂ ਨੇ ਉਸਦੇ ਨਾਮ ਦੀ ਵਰਤੋਂ ਜਾਰੀ ਰੱਖੀ । ਕ੍ਰਿਕਟਰ ਨੇ ਦੋਸ਼ ਲਾਇਆ ਕਿ ਉਸ ਨਾਲ 15 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ । ਦਿਵਾਕਰ ਅਤੇ ਦਾਸ ਨੇ ਉਨ੍ਹਾਂ ਦੇ ਖਿਲਾਫ ਲਏ ਗਏ ਨੋਟਿਸ ਨੂੰ ਚੁਣੌਤੀ ਦਿੰਦੇ ਹੋਏ ਹਾਈਕੋਰਟ ਦਾ ਦਰਵਾਜਾ ਖਟਕਾਇਆ ਹੈ। ਹਾਈਕੋਰਟ ਨੇ ਧੋਨੀ ਨੂੰ ਇਸ ਮਾਮਲੇ ‘ਚ ਪੇਸ਼ ਹੋ ਕੇ ਆਪਣਾ ਪੱਖ ਸਪੱਸ਼ਟ ਕਰਨ ਦਾ ਹੁਕਮ ਦਿੱਤਾ ਹੈ ।