ਜਾਗੋ ਪ੍ਰੋਗਰਾਮ ਵਿਚ ਪਿਸਤੌਲ ਲਹਿਰਾਉਣ ਵਾਲੇ ਵਿਰੁੱਧ ਕੇਸ ਦਰਜ

ਦੁਆਰਾ: Punjab Bani ਪ੍ਰਕਾਸ਼ਿਤ :Friday, 15 November, 2024, 01:55 PM

ਜਾਗੋ ਪ੍ਰੋਗਰਾਮ ਵਿਚ ਪਿਸਤੌਲ ਲਹਿਰਾਉਣ ਵਾਲੇ ਵਿਰੁੱਧ ਕੇਸ ਦਰਜ
ਲੁਧਿਆਣਾ : ਵਿਆਹ ਸ਼ਾਦੀਆਂ ਤੇ ਹੋਰ ਸਮਾਗਮਾਂ `ਚ ਹਥਿਆਰ ਲਿਜਾਣ ਦੀ ਸਖ਼ਤ ਪਾਬੰਦੀ ਦੇ ਬਾਵਜੂਦ ਲੁਧਿਆਣਾ ਦਾ ਰਹਿਣ ਵਾਲਾ ਜਸਕਰਨ ਸਿੰਘ ਉਰਫ ਗੋਲਡੀ ਮਾਲੇਰਕੋਟਲਾ ਰੋਡ ਦੇ ਜੇਕੇ ਰਿਜ਼ਾਰਟ `ਚ ਚਲ ਰਹੇ ਜਾਗੋ ਦੇ ਪ੍ਰੋਗਰਾਮ `ਚ ਪਿਸਤੌਲ ਲੈ ਗਿਆ । ਐਨਾ ਹੀ ਨਹੀਂ ਉਨ੍ਹਾਂ ਸਮਾਰੋਹ ਦੌਰਾਨ ਪਿਸਤੌਲ ਲਹਿਰਾਉਣੀ ਸ਼ੁਰੂ ਕਰ ਦਿੱਤੀ । ਜਾਣਕਾਰੀ ਤੋਂ ਬਾਅਦ ਮੌਕੇ `ਤੇ ਪਹੁੰਚੀ ਪੁਲਿਸ ਨੇ ਜਸਕਰਨ ਸਿੰਘ ਖਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ । ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਰਣਜੀਤ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਸਬੰਧੀ ਆਲਮਗੀਰ ਕਟ `ਤੇ ਮੌਜੂਦ ਸਨ । ਇਸੇ ਦੌਰਾਨ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਜੇਕੇ ਰਿਜ਼ਾਰਟ `ਚ ਚਲ ਰਹੇ ਜਾਗੋ ਦੇ ਪ੍ਰੋਗਰਾਮ ਦੌਰਾਨ ਜਸਕਰਨ ਸਿੰਘ ਪਿਸਤੌਲ ਲਹਿਰਾ ਰਿਹਾ ਹੈ । ਸੂਚਨਾ ਤੋਂ ਬਾਅਦ ਪੁਲਿਸ ਪਾਰਟੀ ਮੌਕੇ `ਤੇ ਪਹੁੰਚੀ ਤੇ ਜਸਕਰਨ ਸਿੰਘ ਖਿਲਾਫ ਕੇਸ ਦਰਜ ਕੀਤਾ । ਜਾਂਚ ਅਧਿਕਾਰੀ ਰਣਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਜਲਦੀ ਹੀ ਗਿਰਫ਼ਤਾਰ ਕੀਤਾ ਜਾਵੇਗਾ ।