ਦਿੜ੍ਹਬਾ ਵਿਖੇ ਰਾਜ ਪੱਧਰੀ ਨੈਸ਼ਨਲ ਸਟਾਈਲ ਕਬੱਡੀ ਮੁਕਾਬਲੇ 16 ਨਵੰਬਰ ਤੋਂ ਸ਼ੁਰੂ ਹੋਣਗੇ

ਦਿੜ੍ਹਬਾ ਵਿਖੇ ਰਾਜ ਪੱਧਰੀ ਨੈਸ਼ਨਲ ਸਟਾਈਲ ਕਬੱਡੀ ਮੁਕਾਬਲੇ 16 ਨਵੰਬਰ ਤੋਂ ਸ਼ੁਰੂ ਹੋਣਗੇ
ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਕਰਨਗੇ ਉਦਘਾਟਨ
ਦਿੜ੍ਹਬਾ/ ਸੰਗਰੂਰ, 15 ਨਵੰਬਰ : ਖੇਡ ਸੱਭਿਆਚਾਰ ਨੂੰ ਹੋਰ ਉਤਸਾਹਿਤ ਕਰਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਸੀਜ਼ਨ 3 ਤਹਿਤ 16 ਨਵੰਬਰ ਤੋਂ ਦਿੜ੍ਹਬਾ ਦੇ ਸ਼ਹੀਦ ਬਚਨ ਸਿੰਘ ਖੇਡ ਸਟੇਡੀਅਮ ਵਿੱਚ ਨੈਸ਼ਨਲ ਸਟਾਈਲ ਕਬੱਡੀ ਮੁਕਾਬਲੇ ਆਰੰਭ ਹੋਣਗੇ । ਇਹਨਾਂ ਖੇਡਾਂ ਦਾ ਉਦਘਾਟਨ ਪੰਜਾਬ ਦੇ ਕੈਬਨਿਟ ਮੰਤਰੀ ਸਰਦਾਰ ਹਰਪਾਲ ਸਿੰਘ ਚੀਮਾ ਵੱਲੋਂ ਕੀਤਾ ਜਾਵੇਗਾ । ਉਦਘਾਟਨੀ ਸਮਾਰੋਹ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਕੈਬਨਿਟ ਮੰਤਰੀ ਦੇ ਓਐਸਡੀ ਤਪਿੰਦਰ ਸਿੰਘ ਸੋਹੀ ਨੇ ਜਿਲ੍ਹਾ ਖੇਡ ਅਫਸਰ ਨਵਦੀਪ ਸਿੰਘ ਸਮੇਤ ਸਟੇਡੀਅਮ ਦਾ ਦੌਰਾ ਕੀਤਾ ਅਤੇ ਖਿਡਾਰੀਆਂ ਲਈ ਸਰਵੋਤਮ ਖੇਡ ਪ੍ਰਬੰਧ ਕਰਨ ਲਈ ਆਖਿਆ । ਇਸ ਮੌਕੇ ਤਪਿੰਦਰ ਸਿੰਘ ਸੋਹੀ ਨੇ ਕਿਹਾ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਖੇਡਾਂ ਵਤਨ ਪੰਜਾਬ ਦੀਆਂ ਤਹਿਤ ਰਾਜ ਪੱਧਰੀ ਨੈਸ਼ਨਲ ਸਟਾਈਲ ਕਬੱਡੀ ਦੇ ਮੁਕਾਬਲੇ ਇਥੇ ਕਰਵਾਏ ਜਾ ਰਹੇ ਹਨ । ਉਨ੍ਹਾਂ ਦੱਸਿਆ ਕਿ ਇਹ ਮੁਕਾਬਲੇ 21 ਨਵੰਬਰ ਤੱਕ ਜਾਰੀ ਰਹਿਣਗੇ ਜਿਸ ਵਿੱਚ ਰਾਜ ਦੇ 23 ਜ਼ਿਲ੍ਹਿਆਂ ਤੋਂ ਵੱਖ-ਵੱਖ ਉਮਰ ਅਤੇ ਭਾਰ ਵਰਗਾਂ ਦੇ ਖਿਡਾਰੀ ਹਿੱਸਾ ਲੈਣਗੇ । ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਨਵਦੀਪ ਸਿੰਘ ਨੇ ਦੱਸਿਆ ਕਿ ਖੇਡ ਵਿਭਾਗ ਪੰਜਾਬ ਵੱਲੋਂ ਦਿੜਬਾ, ਸੁਨਾਮ ਅਤੇ ਸੰਗਰੂਰ ਵਿਖੇ ਹੋਣ ਵਾਲੇ ਵੱਖ-ਵੱਖ ਖੇਡਾਂ ਦੇ ਰਾਜ ਪੱਧਰੀ ਮੁਕਾਬਲਿਆਂ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਹਨਾਂ ਦੱਸਿਆ ਕਿ ਦਿੜਬਾ ਵਿਖੇ ਨੈਸ਼ਨਲ ਸਟਾਈਲ ਕਬੱਡੀ ਤਹਿਤ 16 ਤੋਂ 18 ਨਵੰਬਰ ਤੱਕ ਮਹਿਲਾ ਖਿਡਾਰੀਆਂ ਦੇ ਮੁਕਾਬਲੇ ਹੋਣਗੇ ਜਦਕਿ 19 ਤੋਂ 21 ਨਵੰਬਰ ਤੱਕ ਪੁਰਸ਼ ਖਿਡਾਰੀਆਂ ਦੇ ਮੁਕਾਬਲੇ ਕਰਵਾਏ ਜਾਣਗੇ ।
