ਐੱਨ. ਸੀ. ਪੀ. ਦੇ ਦੋਵੇਂ ਧੜਿਆਂ ਨੂੰ ਅਦਾਲਤਾਂ ਦੇ ਚੱਕਰ ਕੱਟਣ ਦੀ ਬਜਾਏ ਚੋਣ ਮੈਦਾਨ ’ਚ ਜੰਗ ’ਤੇ ਧਿਆਨ ਕੇਂਦਰਤ ਕਰਨ ਦੀ ਦਿੱਤੀ ਸਲਾਹ
ਐੱਨ. ਸੀ. ਪੀ. ਦੇ ਦੋਵੇਂ ਧੜਿਆਂ ਨੂੰ ਅਦਾਲਤਾਂ ਦੇ ਚੱਕਰ ਕੱਟਣ ਦੀ ਬਜਾਏ ਚੋਣ ਮੈਦਾਨ ’ਚ ਜੰਗ ’ਤੇ ਧਿਆਨ ਕੇਂਦਰਤ ਕਰਨ ਦੀ ਦਿੱਤੀ ਸਲਾਹ
ਨਵੀਂ ਦਿੱਲੀ : ਭਾਰਤ ਦੇਸ਼ ਦੀ ਸਰਵਉਚ ਤੇ ਮਾਨਯੋਗ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਅਗਵਾਈ ਹੇਠਲੇ ਐੱਨ. ਸੀ. ਪੀ. ਧੜੇ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਦਮ ’ਤੇ ਖੜ੍ਹਾ ਹੋਣ ਦੀ ਕੋਸ਼ਿਸ਼ ਕਰਨ ਅਤੇ ਚੋਣ ਪ੍ਰਚਾਰ ’ਚ ਸ਼ਰਦ ਪਵਾਰ ਦੀ ਤਸਵੀਰ ਨਾ ਵਰਤੀ ਜਾਵੇ । ਜਸਟਿਸ ਸੂਰਿਆਕਾਂਤ ਅਤੇ ਜਸਟਿਸ ਉੱਜਲ ਭੂਈਆਂ ਦੇ ਬੈਂਚ ਨੇ ਸ਼ਰਦ ਪਵਾਰ ਅਤੇ ਅਜੀਤ ਪਵਾਰ ਦੀ ਅਗਵਾਈ ਹੇਠਲੇ ਐੱਨ. ਸੀ. ਪੀ. ਦੇ ਦੋਵੇਂ ਧੜਿਆਂ ਨੂੰ ਇਹ ਵੀ ਕਿਹਾ ਹੈ ਕਿ ਉਹ ਅਦਾਲਤਾਂ ਦੇ ਚੱਕਰ ਕੱਟਣ ਦੀ ਬਜਾਏ ਚੋਣ ਮੈਦਾਨ ’ਚ ਜੰਗ ’ਤੇ ਧਿਆਨ ਕੇਂਦਰਤ ਕਰਨ । ਮਾਮਲੇ ’ਤੇ ਮੰਗਲਵਾਰ ਨੂੰ ਅੱਗੇ ਸੁਣਵਾਈ ਹੋਵੇਗੀ । ਬੈਂਚ ਨੇ ਅਜੀਤ ਪਵਾਰ ਦੇ ਧੜੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਬਲਬੀਰ ਸਿੰਘ ਨੂੰ ਕਿਹਾ ਕਿ ਆਪਣੇ ਪਾਰਟੀ ਅਹੁਦੇਦਾਰਾਂ ਨੂੰ ਦੱਸ ਦੇਣਾ ਕਿ ਉਹ ਸ਼ਰਦ ਪਵਾਰ ਦੀਆਂ ਪੁਰਾਣੀਆਂ ਜਾਂ ਨਵੀਆਂ ਵੀਡੀਓ ਕਲਿੱਪਾਂ ਜਾਂ ਤਸਵੀਰਾਂ ਦੀ ਵਰਤੋਂ ਨਹੀਂ ਕਰਨਗੇ ਜਿਨ੍ਹਾਂ ਨਾਲ ਤੁਹਾਡੀ ਪਾਰਟੀ ਦੇ ਵਿਚਾਰਕ ਮਤਭੇਦ ਹਨ। ਤੁਸੀਂ ਆਪਣੇ ਦਮ ’ਤੇ ਖੜ੍ਹੇ ਹੋਣ ਦੀਆਂ ਕੋਸ਼ਿਸ਼ਾਂ ਕਰੋ । ਬੈਂਚ ਨੇ ਅਜੀਤ ਪਵਾਰ ਧੜੇ ਨੂੰ ਇਸ ਸਬੰਧੀ ਆਪਣੇ ਆਗੂਆਂ, ਪਾਰਟੀ ਵਰਕਰਾਂ ਅਤੇ ਨੁਮਾਇੰਦਿਆਂ ਨੂੰ ਆਨਲਾਈਨ ਸਰਕੂਲਰ ਜਾਰੀ ਕਰਨ ਲਈ ਵੀ ਕਿਹਾ ਹੈ । ਬੈਂਚ ਨੇ ਸ਼ਰਦ ਪਵਾਰ ਧੜੇ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਅਭਿਸ਼ੇਕ ਸਿੰਘਵੀ ਨੂੰ ਕਿਹਾ ਕਿ ਮੁਲਕ ਦੇ ਲੋਕ ਬਹੁਤ ਅਕਲਮੰਦ ਹਨ ਅਤੇ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਸ਼ਰਦ ਪਵਾਰ ਅਤੇ ਅਜੀਤ ਪਵਾਰ ਕੌਣ-ਕੌਣ ਹਨ। ਲੋਕਾਂ ਨੂੰ ਆਸਾਨੀ ਨਾਲ ਮੂਰਖ ਨਹੀਂ ਬਣਾਇਆ ਜਾ ਸਕਦਾ ਹੈ । ਸਿੰਘਵੀ ਨੇ ਸ਼ਿਕਾਇਤ ਕੀਤੀ ਸੀ ਕਿ ਅਜੀਤ ਪਵਾਰ ਧੜੇ ਦੇ ਇਕ ਆਗੂ ਨੇ ਉਨ੍ਹਾਂ ਦੇ ਮੁਵੱਕਿਲ ਸ਼ਰਦ ਪਵਾਰ ਦੀ ਵੀਡੀਓ ਕਲਿੱਪ ਨਸ਼ਰ ਕੀਤੀ ਹੈ ਜਿਸ ’ਚ ਉਹ ਦੂਜੇ ਧੜੇ ਨੂੰ ਹਮਾਇਤ ਦਿੰਦੇ ਨਜ਼ਰ ਆ ਰਹੇ ਹਨ। ਬੈਂਚ ਨੇ ਅਜੀਤ ਪਵਾਰ ਧੜੇ ਨੂੰ ਸ਼ਰਦ ਪਵਾਰ ਧੜੇ ਦੀਆਂ ਤਸਵੀਰਾਂ ਅਤੇ ਚੋਣ ਨਿਸ਼ਾਨ ਨਾ ਵਰਤੇ ਜਾਣ ਸਬੰਧੀ ਪਹਿਲਾਂ ਦਿੱਤੇ ਹੁਕਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਸੁਪਰੀਮ ਕੋਰਟ ਨੇ ਪਹਿਲਾਂ ਹੀ ਇਸ ਸਬੰਧੀ ਹੁਕਮ ਸੁਣਾਏ ਹੋਏ ਹਨ ਤਾਂ ਫਿਰ ਇਸ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ ।