ਐਸ. ਡੀ. ਐਮ. ਚਰਨਜੋਤ ਸਿੰਘ ਵਾਲੀਆ ਵੱਲੋਂ ਝੋਨੇ ਦੀ ਪਰਾਲੀ ਦਾ ਸੁਚੱਜੇ ਢੰਗ ਨਾਲ ਪ੍ਰਬੰਧਨ ਕਰਨ ਵਾਲੇ ਕਿਸਾਨ ਹਰਦੀਪ ਸਿੰਘ ਚੱਠਾ ਸੇਖਵਾਂ ਦੀ ਸ਼ਲਾਘਾ

ਐਸ. ਡੀ. ਐਮ. ਚਰਨਜੋਤ ਸਿੰਘ ਵਾਲੀਆ ਵੱਲੋਂ ਝੋਨੇ ਦੀ ਪਰਾਲੀ ਦਾ ਸੁਚੱਜੇ ਢੰਗ ਨਾਲ ਪ੍ਰਬੰਧਨ ਕਰਨ ਵਾਲੇ ਕਿਸਾਨ ਹਰਦੀਪ ਸਿੰਘ ਚੱਠਾ ਸੇਖਵਾਂ ਦੀ ਸ਼ਲਾਘਾ
ਸੰਗਰੂਰ, 14 ਨਵੰਬਰ : ਸਬ ਡਵੀਜ਼ਨ ਸੰਗਰੂਰ ਦੇ ਪਿੰਡ ਚੱਠਾ ਸੇਖਵਾਂ ਦਾ ਅਗਾਂਹ ਵਧੂ ਕਿਸਾਨ ਹਰਦੀਪ ਸਿੰਘ ਪਿਛਲੇ ਕਰੀਬ ਸੱਤ ਸਾਲਾਂ ਤੋਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾ ਕੇ ਇਸ ਦਾ ਯੋਗ ਪ੍ਰਬੰਧਨ ਦੀ ਮੁਹਿੰਮ ਵਿੱਚ ਵਡਮੁੱਲਾ ਯੋਗਦਾਨ ਪਾ ਰਿਹਾ ਹੈ । ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਜਾਣਕਾਰੀ ਦਿੰਦਿਆਂ ਉਪ ਮੰਡਲ ਮੈਜਿਸਟਰੇਟ ਸੰਗਰੂਰ ਚਰਨਜੋਤ ਸਿੰਘ ਵਾਲੀਆ ਨੇ ਦੱਸਿਆ ਕਿ ਹਰਦੀਪ ਸਿੰਘ ਵਰਗੇ ਤਜਰਬੇਕਾਰ ਕਿਸਾਨ ਹੋਰਨਾ ਕਿਸਾਨਾਂ ਲਈ ਰਾਹ ਦਸੇਰਾ ਸਾਬਤ ਹੋ ਰਹੇ ਹਨ । ਉਹਨਾਂ ਦੱਸਿਆ ਕਿ ਹਰਦੀਪ ਸਿੰਘ ਲਗਭਗ 10 ਏਕੜ ਰਕਬੇ ਵਿੱਚ ਹੈਪੀ ਸੀਡਰ ਦਾ ਇਸਤੇਮਾਲ ਕਰਕੇ ਕਣਕ ਦੀ ਬਿਜਾਈ ਕਰ ਰਿਹਾ ਹੈ ਅਤੇ ਪਿਛਲੇ ਸਾਲਾਂ ਦੌਰਾਨ ਉਸ ਨੂੰ ਇਸ ਕਾਰਜ ਵਿੱਚ ਕਿਸੇ ਵੀ ਤਰਾਂ ਦੀ ਵਿੱਤੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਿਆ । ਉਹਨਾਂ ਨੇ ਹਰਦੀਪ ਸਿੰਘ ਦੇ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਹੋਰਨਾਂ ਕਿਸਾਨਾਂ ਨੂੰ ਵੀ ਵਾਤਾਵਰਣ ਦੇ ਰਾਖੇ ਬਣਨ ਦਾ ਸੱਦਾ ਦਿੱਤਾ ਹੈ । ਐਸ. ਡੀ. ਐਮ. ਚਰਨਜੋਤ ਸਿੰਘ ਵਾਲੀਆ ਨੇ ਦੱਸਿਆ ਕਿ
ਇਸ ਕਿਸਾਨ ਵੱਲੋਂ ਖੇਤੀਬਾੜੀ ਤੇ ਕਿਸਾਨ ਭਲਾਈ ਦੀਆਂ ਗਤੀਵਿਧੀਆਂ ਵਿੱਚ ਵਧ ਚੜ੍ਹ ਕੇ ਸ਼ਿਰਕਤ ਕੀਤੀ ਜਾਂਦੀ ਹੈ । ਉਹਨਾਂ ਦੱਸਿਆ ਕਿ ਵਾਤਾਵਰਣ ਨੂੰ ਸੰਭਾਲਣ ਦੀ ਮਹਿਮ ਵਿੱਚ ਕਿਸਾਨ ਵੀਰ ਆਪਣਾ ਵਿਲੱਖਣ ਯੋਗਦਾਨ ਪਾ ਸਕਦੇ ਹਨ ਕਿਉਂਕਿ ਪ੍ਰਦੂਸ਼ਿਤ ਹੋ ਰਿਹਾ ਵਾਤਾਵਰਣ ਸਾਰਿਆਂ ਲਈ ਹੀ ਨੁਕਸਾਨਦਾਇਕ ਸਾਬਤ ਹੋਵੇਗਾ । ਉਹਨਾਂ ਕਿਹਾ ਕਿ ਹਰਦੀਪ ਸਿੰਘ ਵਰਗੇ ਅਗਾਹਾਂਵਧੂ ਕਿਸਾਨਾਂ ਨੇ ਝੋਨੇ ਦੀ ਪਰਾਲੀ ਦਾ ਸੁਚੱਜੇ ਢੰਗ ਨਾਲ ਪ੍ਰਬੰਧਨ ਕਰਕੇ ਮਿਸਾਲ ਕਾਇਮ ਕੀਤੀ ਹੈ ।
