ਬਾਲ ਦਿਵਸ ਮੌਕੇ ਵਿਦਿਆਰਥੀਆਂ ਲਈ ਇੰਡੀਅਨ ਰੈਡ ਕ੍ਰਾਸ ਵੱਲੋਂ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ

ਬਾਲ ਦਿਵਸ ਮੌਕੇ ਵਿਦਿਆਰਥੀਆਂ ਲਈ ਇੰਡੀਅਨ ਰੈਡ ਕ੍ਰਾਸ ਵੱਲੋਂ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ
ਪਟਿਆਲਾ : ਇੰਡੀਅਨ ਰੈਡ ਕਰਾਸ ਸੋਸਾਇਟੀ, ਪੰਜਾਬ ਸਟੇਟ ਬ੍ਰਾਂਚ, ਚੰਡੀਗੜ੍ਹ ਦੇ ਸਕੱਤਰ ਸ੍ਰੀ ਸ਼ਿਵ ਦੁਲਾਰ ਸਿੰਘ ਢਿੱਲੋਂ ਦੇ ਹੁਕਮਾਂ ਅਨੁਸਾਰ, ਸਾਕੇਤ ਹਸਪਤਾਲ, ਪਟਿਆਲਾ ਵਿਖੇ ਚੱਲ ਰਹੇ ਰੈਡ ਕਰਾਸ ਨਸ਼ਾ ਪੀੜਤਾਂ ਅਤੇ ਮੁੜ ਵਸੇਬਾ ਕੇਂਦਰ ਦੇ ਪ੍ਰੋਜੈਕਟ ਡਾਇਰੈਕਟਰ ਸ੍ਰੀਮਤੀ ਪਰਮਿੰਦਰ ਕੌਰ ਮਨਚੰਦਾ ਅਤੇ ਉਹਨਾਂ ਦੀ ਟੀਮ ਵੱਲੋਂ ਬਾਲ ਦਿਵਸ ਮੌਕੇ ਵਿਦਿਆਰਥੀਆਂ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਇਹ ਸਮਾਗਮ ਵੀਰ ਹਕੀਕਤ ਰਾਏ ਸੀਨੀਅਰ ਸਕੈਂਡਰੀ ਸਕੂਲ ਵਿੱਚ ਮਨਾਇਆ ਗਿਆ । ਸਮਾਗਮ ਦੌਰਾਨ ਸ੍ਰੀਮਤੀ ਪਰਮਿੰਦਰ ਕੌਰ ਮਨਚੰਦਾ ਨੇ ਵਿਦਿਆਰਥੀਆਂ ਨੂੰ ਬਾਲ ਦਿਵਸ ਦੀ ਵਧਾਈ ਅਤੇ ਆਸ਼ੀਰਵਾਦ ਦਿੱਤਾ ਅਤੇ ਜੀਵਨ ਦੀਆਂ ਅਖਲਾਕੀ ਮੁੱਲ ਸੰਕਲਪਾਂ ਅਤੇ ਸਹੀ ਮਾਰਗ ਦੀ ਮਹੱਤਤਾ ਬਾਰੇ ਉਹਨਾਂ ਨਾਲ ਵਿਚਾਰ ਸਾਂਝੇ ਕੀਤੇ । ਉਨ੍ਹਾਂ ਨੇ ਇੰਡੀਅਨ ਰੈਡ ਕਰਾਸ ਦੀਆਂ ਵੱਖ-ਵੱਖ ਗਤੀਵਿਧੀਆਂ ਅਤੇ ਸਾਕੇਤ ਹਸਪਤਾਲ ਵਿੱਚ ਚੱਲ ਰਹੇ ਸਮਾਜਿਕ ਪ੍ਰੋਜੈਕਟਾਂ ਬਾਰੇ ਵੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ । ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੇ ਫਸਟ ਏਡ, ਸੀ.ਪੀ.ਆਰ, ਅਤੇ ਮੌਰਲ ਵੈਲਿਊਜ਼ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ । ਉਨ੍ਹਾਂ ਨੇ ਸਿਹਤਮੰਦ ਆਦਤਾਂ ਅਤੇ ਅਖਲਾਕੀ ਮੁੱਲਾਂ ਦੀ ਮਹੱਤਤਾ ਨੂੰ ਸਾਂਝਾ ਕੀਤਾ ਅਤੇ ਸਮਾਜ ਨੂੰ ਚੰਗਾ ਬਣਾਉਣ ਲਈ ਪ੍ਰੇਰਿਤ ਕੀਤਾ । ਪ੍ਰੋਗਰਾਮ ਦੇ ਅੰਤ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਗਏ ਅਤੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਸਰਲਾ ਪਟਨਾਗਰ ਜੀ ਨੇ ਸਾਰੇ ਮਿਹਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ‘ਤੇ ਸਕੂਲ ਦੇ ਵਿਦਿਆਰਥੀ, ਅਧਿਆਪਕ, ਅਤੇ ਸਾਕੇਤ ਹਸਪਤਾਲ ਤੋਂ ਕੌਂਸਲਰ ਅੰਮ੍ਰਿਤਪਾਲ ਸਿੰਘ, ਰਣਜੀਤ ਕੌਰ, ਪਰਵਿੰਦਰ ਕੌਰ ਵਰਮਾ, ਅਤੇ ਡਾਕਟਰ ਫਿਜ਼ੀਓਥੈਰਪਿਸਟ ਚਾਰੂ ਗੌਤਮ ਵੀ ਮੌਜੂਦ ਸਨ । ਇਹ ਸਮਾਗਮ ਬੱਚਿਆਂ ਵਿੱਚ ਸਿਖਲਾਈ ਅਤੇ ਆਤਮ-ਵਿਕਾਸ ਦੀ ਪ੍ਰੇਰਨਾ ਦਾ ਵੱਡਾ ਸਰੋਤ ਸਾਬਤ ਹੋਇਆ ।
