ਕੈਨੇਡਾ ਭੇਜਣ ਤੋਂ ਇਨਕਾਰ ਕਰਨ ਤੇ ਪੁੱਤ ਨੇ ਹੀ ਕਰ ਦਿੱਤਾ ਮਾਂ ਦਾ ਕਤਲ

ਕੈਨੇਡਾ ਭੇਜਣ ਤੋਂ ਇਨਕਾਰ ਕਰਨ ਤੇ ਪੁੱਤ ਨੇ ਹੀ ਕਰ ਦਿੱਤਾ ਮਾਂ ਦਾ ਕਤਲ
ਨਵੀਂ ਦਿੱਲੀ : ਪੰਜਾਬੀਆਂ ਦੀ ਮਨਪਸੰਦ ਵਿਦੇਸ਼ੀ ਧਰਤੀ ਕੈਨੇਡਾ ਵਿਖੇ ਜਾਣ ਦੇ ਚਾਹਵਾਨ ਦਿੱਲੀ ਵਾਸੀ ਇਕ ਨੌਜਵਾਨ (31) ਕ੍ਰਿਸ਼ਨਕਾਂਤ ਨੇ ਮਾਂ ਵਲੋਂ ਕੈਨੇਡਾ ਭੇਜਣ ਤੋਂ ਇਨਕਾਰ ਕਰਨ ਤੇ ਮਾਂ ਦਾ ਹੀ ਕਤਲ ਕਰ ਦਿੱਤਾ ਹੈ । ਮਾਮਲਾ ਦਿੱਲੀ ਤੋਂ ਸਾਹਮਣੇ ਆਇਆ ਹੈ । ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਦੋਸ਼ੀ ਕੈਨੇਡਾ ਜਾ ਕੇ ਵੱਸਣਾ ਚਾਹੁੰਦਾ ਸੀ । ਇਸ ਗੱਲ ਦੀ ਮਾਂ ਨੇ ਆਗਿਆ ਨਹੀਂ ਦਿੱਤੀ । ਪੁਲਸ ਮੁਤਾਬਕ ਘਟਨਾ ਦੱਖਣੀ-ਪੂਰਬੀ ਦਿੱਲੀ ਦੇ ਬਦਰਪੁਰ ਇਲਾਕੇ ਦੇ ਮੋਲਰਬੰਦ ਪਿੰਡ ਦੀ ਹੈ । ਦਰਅਸਲ 6 ਨਵੰਬਰ ਦੀ ਸ਼ਾਮ ਨੂੰ ਆਪਣੀ ਮਾਂ ਦਾ ਕਤਲ ਕਰਨ ਤੋਂ ਬਾਅਦ ਦੋਸ਼ੀ ਕ੍ਰਿਸ਼ਨਕਾਂਤ ਨੇ ਆਪਣੇ ਪਿਤਾ ਸੁਰਜੀਤ ਸਿੰਘ (52) ਨੂੰ ਫੋਨ ਕਰ ਕੇ ਘਰ ਆਉਣ ਲਈ ਕਿਹਾ । ਦੱਖਣ-ਪੂਰਬੀ ਦਿੱਲੀ ਦੇ ਪੁਲਸ ਡਿਪਟੀ ਕਮਿਸ਼ਨਰ ਰਵੀ ਕੁਮਾਰ ਸਿੰਘ ਨੇ ਦੱਸਿਆ ਕਿ ਜਦੋਂ ਸੁਰਜੀਤ ਸਿੰਘ ਘਰ ਪਹੁੰਚਿਆ ਤਾਂ ਕ੍ਰਿਸ਼ਨਕਾਂਤ ਨੇ ਉਸ ਤੋਂ ਮੁਆਫ਼ੀ ਮੰਗੀ ਅਤੇ ਉਸ ਨੂੰ ਉੱਪਰ ਜਾ ਕੇ ਖ਼ੁਦ ਦੇਖਣ ਲਈ ਕਿਹਾ ਕਿ ਉਸ ਨੇ ਕੀ ਕੀਤਾ ਹੈ । ਜਦੋਂ ਘਰ ਦੀ ਪਹਿਲੀ ਮੰਜ਼ਿਲ `ਤੇ ਪਹੁੰਚ ਕੇ ਸੁਰਜੀਤ ਨੇ ਆਪਣੀ ਪਤਨੀ ਗੀਤਾ (50) ਨੂੰ ਖੂਨ ਨਾਲ ਲੱਥਪੱਥ ਦੇਖਿਆ ਅਤੇ ਉਸ ਦੇ ਸਰੀਰ `ਤੇ ਚਾਕੂ ਦੇ ਕਈ ਜ਼ਖਮ ਸਨ। ਇਸ ਦੌਰਾਨ ਮੁਲਜ਼ਮ ਕ੍ਰਿਸ਼ਨਕਾਂਤ ਭੱਜਣ ਵਿਚ ਕਾਮਯਾਬ ਹੋ ਗਿਆ। ਪੁਲਸ ਨੇ ਦੱਸਿਆ ਕਿ ਸੁਰਜੀਤ ਆਪਣੀ ਪਤਨੀ ਗੀਤਾ ਨੂੰ ਤੁਰੰਤ ਅਪੋਲੋ ਹਸਪਤਾਲ ਲੈ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ । ਡਿਪਟੀ ਕਮਿਸ਼ਨਰ ਪੁਲਿਸ ਨੇ ਦੱਸਿਆ ਕਿ ਸੁਰਜੀਤ ਦੇ ਦੋ ਪੁੱਤਰ ਹਨ । ਉਨ੍ਹਾਂ ਦਾ ਛੋਟਾ ਪੁੱਤਰ ਸਾਹਿਲ ਭੋਲੀ (27) ਇਕ ਬੈਂਕ ਵਿਚ ਕੰਮ ਕਰਦਾ ਹੈ । ਕ੍ਰਿਸ਼ਨਕਾਂਤ ਬੇਰੁਜ਼ਗਾਰ ਹੈ ਅਤੇ ਨਸ਼ੇ ਦਾ ਆਦੀ ਹੈ। ਪੁਲਸ ਅਧਿਕਾਰੀ ਨੇ ਕਿਹਾ ਕਿ ਸੁਰਜੀਤ ਦੇ ਦੋਵੇਂ ਬੇਟੇ ਅਣਵਿਆਹੇ ਹਨ ਅਤੇ ਘਟਨਾ ਦੇ ਸਮੇਂ ਸਿਰਫ਼ ਗੀਤਾ ਅਤੇ ਦੋਸ਼ੀ ਕ੍ਰਿਸ਼ਨਕਾਂਤ ਹੀ ਮੌਜੂਦ ਸਨ । ਮਾਮਲਾ ਦਰਜ ਕਰ ਲਿਆ ਗਿਆ ਹੈ । ਪੁੱਛਗਿੱਛ ਦੌਰਾਨ ਕ੍ਰਿਸ਼ਨਕਾਂਤ ਨੇ ਦੱਸਿਆ ਕਿ ਉਹ ਕੈਨੇਡਾ ਜਾਣਾ ਚਾਹੁੰਦਾ ਸੀ ਪਰ ਉਸ ਦਾ ਪਰਿਵਾਰ ਪਹਿਲਾਂ ਉਸ ਦਾ ਵਿਆਹ ਕਰਵਾਉਣਾ ਚਾਹੁੰਦਾ ਸੀ । ਪੁਲਸ ਨੇ ਦੱਸਿਆ ਕਿ ਕਤਲ ਵਾਲੇ ਦਿਨ ਮਾਂ-ਪੁੱਤ ਵਿਚਾਲੇ ਤਕਰਾਰ ਵਧ ਗਈ ਅਤੇ ਕ੍ਰਿਸ਼ਨਕਾਂਤ ਨੇ ਗੀਤਾ `ਤੇ ਉਸ ਚਾਕੂ ਨਾਲ ਵਾਰ ਕਰ ਦਿੱਤਾ, ਜੋ ਉਸ ਨੇ ਕੁਝ ਸਮਾਂ ਪਹਿਲਾਂ ਖਰੀਦਿਆ ਸੀ। ਅਧਿਕਾਰੀ ਨੇ ਦੱਸਿਆ ਕਿ ਸੁਰਜੀਤ ਸਿੰਘ ਪ੍ਰਾਪਰਟੀ ਦਾ ਕਾਰੋਬਾਰ ਕਰਦਾ ਹੈ ਅਤੇ ਉਸ ਦਾ ਦਫ਼ਤਰ ਜੈਤਪੁਰ ਦੀ ਟੈਂਕੀ ਰੋਡ ’ਤੇ ਸਥਿਤ ਹੈ ।
