ਮੁੱਖ ਖੇਤੀਬਾੜੀ ਅਫਸਰ ਵੱਲੋਂ ਲੌਂਗੋਵਾਲ ਵਿੱਚ ਖਾਦ ਡੀਲਰਾਂ ਦੀ ਚੈਕਿੰਗ

ਮੁੱਖ ਖੇਤੀਬਾੜੀ ਅਫਸਰ ਵੱਲੋਂ ਲੌਂਗੋਵਾਲ ਵਿੱਚ ਖਾਦ ਡੀਲਰਾਂ ਦੀ ਚੈਕਿੰਗ
ਡੀ. ਏ. ਪੀ. ਖਾਦ ਦੀ ਸਹੀ ਵੰਡ ਨੂੰ ਯਕੀਨੀ ਬਣਾਉਣ ਦੇ ਆਦੇਸ਼
ਲੌਂਗੋਵਾਲ /ਸੰਗਰੂਰ, 9 ਨਵੰਬਰ : ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਦੀਆਂ ਹਦਾਇਤਾਂ ਤੇ ਮੁੱਖ ਖੇਤੀਬਾੜੀ ਅਫਸਰ ਡਾ. ਹਰਬੰਸ ਸਿੰਘ ਚਹਿਲ ਨੇ ਅੱਜ ਖੇਤੀਬਾੜੀ ਵਿਭਾਗ ਦੀ ਟੀਮ ਸਮੇਤ ਲੌਂਗੋਵਾਲ ਵਿੱਚ ਖਾਦ ਡੀਲਰਾਂ ਦੀ ਅਚਨਚੇਤ ਚੈਕਿੰਗ ਕੀਤੀ । ਮੁੱਖ ਖੇਤੀਬਾੜੀ ਅਫਸਰ ਨੇ ਖਾਦ ਡੀਲਰਾਂ ਨੂੰ ਡੀ. ਏ. ਪੀ. ਖਾਦ ਦੀ ਕਿਸਾਨਾਂ ਨੂੰ ਸਹੀ ਵੰਡ ਕਰਨ ਦੀ ਹਦਾਇਤ ਕੀਤੀ ਅਤੇ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਡੀ. ਏ. ਪੀ. ਖਾਦ ਦੀਆਂ ਬਦਲਵੀਆਂ ਖਾਦਾਂ ਦੀ ਵਰਤੋਂ ਸਬੰਧੀ ਜਾਰੀ ਸਲਾਹਕਾਰੀ ਬਾਰੇ ਵੀ ਸਮੇਂ ਸਮੇਂ ਤੇ ਜਾਗਰੂਕ ਕਰਦੇ ਰਹਿਣ ਲਈ ਕਿਹਾ । ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਸਬ ਡਵੀਜ਼ਨਾਂ ਵਿੱਚ ਨਿਯਮਤ ਤੌਰ ਤੇ ਖੇਤੀਬਾੜੀ ਅਤੇ ਸਹਿਕਾਰਤਾ ਵਿਭਾਗ ਦੀਆਂ ਸਾਂਝੀਆਂ ਟੀਮਾਂ ਸਮੇਂ ਸਮੇਂ ਤੇ ਅਚਨਚੇਤ ਛਾਪਾਮਾਰੀ ਕਰਕੇ ਖਾਦ ਡੀਲਰਾਂ ਕੋਲ ਉਪਲਬਧ ਖਾਦ ਦੇ ਰਿਕਾਰਡ ਦੀ ਜਾਂਚ ਕਰ ਰਹੀਆਂ ਹਨ ਅਤੇ ਜੇਕਰ ਕੋਈ ਅਨਿਯਮਤਤਾ ਜਾਂ ਖਾਮੀ ਪਾਈ ਗਈ ਤਾਂ ਸੰਬੰਧਿਤ ਖਾਦ ਡੀਲਰ ਦੇ ਖਿਲਾਫ ਬਣਦੀ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।
