14 ਏਕੜ ਰਕਬੇ ਵਿੱਚ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਖੇਤੀ ਕਰਦਾ ਹੈ ਕਿਸਾਨ ਨਰਿੰਦਰ ਸਿੰਘ ਦੁੱਗਾਂ

ਦੁਆਰਾ: Punjab Bani ਪ੍ਰਕਾਸ਼ਿਤ :Monday, 11 November, 2024, 05:06 PM

14 ਏਕੜ ਰਕਬੇ ਵਿੱਚ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਖੇਤੀ ਕਰਦਾ ਹੈ ਕਿਸਾਨ ਨਰਿੰਦਰ ਸਿੰਘ ਦੁੱਗਾਂ
ਖੇਤੀਬਾੜੀ ਵਿਭਾਗ ਵੱਲੋਂ ਲਗਾਏ ਜਾਂਦੇ ਕੈਂਪਾਂ ਤੋਂ ਪ੍ਰਭਾਵਿਤ ਹੋ ਕੇ ਝੋਨੇ ਦੀ ਪਰਾਲੀ ਦਾ ਖੇਤ ਵਿੱਚ ਹੀ ਕਰ ਰਿਹੈ ਪ੍ਰਬੰਧਨ
ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਪਰਾਲੀ ਪ੍ਰਬੰਧਨ ਕਰਨ ਵਾਲੇ ਅਗਾਂਹਵਧੂ ਕਿਸਾਨਾਂ ਦੀ ਸ਼ਲਾਘਾ
ਸੰਗਰੂਰ, 11 ਨਵੰਬਰ : ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਰਿਸ਼ੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਮੇਂ ਸਮੇਂ ਤੇ ਜਾਗਰੂਕਤਾ ਕੈਂਪ ਲਗਾ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਅਤੇ ਖੇਤੀ ਮਾਹਿਰਾਂ ਦੀਆਂ ਸਿਫ਼ਾਰਿਸ਼ਾਂ ਅਨੁਸਾਰ ਖੇਤੀਬਾੜੀ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ, ਜਿਸ ਸਦਕਾ ਹੁਣ ਬਹੁ-ਗਿਣਤੀ ਕਿਸਾਨ ਵੀਰ ਫਸਲਾਂ ਦੀ ਰਹਿੰਦ—ਖੂੰਹਦ ਨੂੰ ਅੱਗ ਲਗਾਏ ਬਗੈਰ ਖੇਤੀ ਕਰਨ ਨੂੰ ਤਰਜੀਹ ਦੇਣ ਲੱਗੇ ਹਨ । ਇਸ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਡਾਕਟਰ ਹਰਬੰਸ ਸਿੰਘ ਚਹਿਲ ਨੇ ਦੱਸਿਆ ਕਿ ਪਿੰਡ ਦੁੱਗਾਂ ਦਾ ਅਗਾਂਹਵਧੂ ਕਿਸਾਨ ਨਰਿੰਦਰ ਸਿੰਘ ਪਿਛਲੇ ਛੇ ਸਾਲਾਂ ਤੋਂ 14 ਏਕੜ ਰਕਬੇ ਵਿਚ ਪਰਾਲੀ ਜਾਂ ਫਸਲਾਂ ਦੀ ਰਹਿੰਦ ਖੂਹੰਦ ਨੂੰ ਬਿਨ੍ਹਾਂ ਅੱਗ ਲਗਾਇਆਂ ਖੇਤੀਬਾੜੀ ਕਰਦਾ ਹੈ । ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਅਜਿਹੇ ਅਗਾਂਹਵਧੂ ਕਿਸਾਨ ਹੋਰਨਾਂ ਲਈ ਚਾਨਣ ਮੁਨਾਰੇ ਵੱਜੋਂ ਕੰਮ ਕਰਦੇ ਹਨ ਅਤੇ ਪੰਜਾਬ ਸਰਕਾਰ ਵੱਲੋਂ ਵਾਤਾਵਰਨ ਦੀ ਰਾਖੀ ਲਈ ਚੁੱਕੇ ਜਾ ਰਹੇ ਕਦਮਾਂ ਦੀ ਦਿਸ਼ਾ ਵਿੱਚ ਸਾਰਥਕ ਯੋਗਦਾਨ ਪਾਉਂਦੇ ਹਨ ।
ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਨਰਿੰਦਰ ਸਿੰਘ ਜਿਹੇ ਉੱਦਮੀ ਅਤੇ ਅਗਾਂਹਵਧੂ ਕਿਸਾਨਾਂ ਦੀ ਹੌਸਲਾ ਅਫਜਾਈ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿੱਚ ਵਾਤਾਵਰਣ ਨੂੰ ਗੰਧਲਾ ਹੋਣ ਤੋਂ ਬਚਾਉਣ ਵਿੱਚ ਯੋਗਦਾਨ ਪਾਉਣ ਵਾਲੇ ਇਹਨਾਂ ਵਾਤਾਵਰਨ ਦੇ ਰਾਖਿਆਂ ਦੀ ਜਿੰਨੀ ਵੀ ਸਲਾਘਾ ਕੀਤੀ ਜਾਵੇ ਉਹ ਘੱਟ ਹੈ । ਉਹਨਾਂ ਕਿਹਾ ਕਿ ਪਰਾਲੀ ਨੂੰ ਸਾੜਨ ਦੀ ਥਾਂ ਤੇ ਯੋਗ ਪ੍ਰਬੰਧਨ ਕਰਨ ਵਾਲੇ ਕਿਸਾਨ ਆਪਣੀ ਹਿੰਮਤ ਸਦਕਾ ਹੋਰਨਾਂ ਲਈ ਮਿਸਾਲ ਕਾਇਮ ਕਰ ਰਹੇ ਹਨ । ਸੰਗਰੂਰ ਦੇ ਬਲਾਕ ਖੇਤੀਬਾੜੀ ਅਫਸਰ ਡਾ. ਅਮਰਜੀਤ ਸਿੰਘ ਅਤੇ ਖੇਤੀਬਾੜੀ ਵਿਕਾਸ ਅਫਸਰ ਪਰਮਿੰਦਰ ਸਿੰਘ ਬੁੱਟਰ ਦੀ ਮੌਜੂਦਗੀ ਵਿੱਚ ਕਿਸਾਨ ਨਰਿੰਦਰ ਸਿੰਘ ਨੇ ਦੱਸਿਆ ਕਿ ਉਹ ਸਾਲ 2018 ਤੋਂ ਆਪਣੇ ਖੇਤ ਵਿੱਚ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਸਫਲ ਕਾਸ਼ਤ ਕਰ ਰਿਹਾ ਹੈ। ਕਿਸਾਨ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਸਮੇਂ-ਸਮੇ ਤੇ ਲਗਾਏ ਜਾਣ ਵਾਲੇ ਜਾਗਰੂਕਤਾ ਕੈਂਪਾਂ ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਨਾਲ ਵਾਤਾਵਰਣ, ਮਿੱਤਰ ਕੀੜੇ ਅਤੇ ਧਰਤੀ ਦੀ ਉਪਜਾਉੂ ਸ਼ਕਤੀ ਨੂੰ ਹੁੰਦੇ ਨੁਕਸਾਨ ਸਬੰਧੀ ਦਿੱਤੀ ਜਾਣਕਾਰੀ ਤੋਂ ਪ੍ਰਭਾਵਿਤ ਹੋ ਕਿ ਉਸ ਨੇ ਝੋਨੇ ਦੀ ਪਰਾਲੀ ਖੇਤ ਵਿੱਚ ਹੀ ਪ੍ਰਬੰਧਨ ਕਰਨ ਦਾ ਫੈਸਲਾ ਕੀਤਾ ਅਤੇ ਖੇਤੀਬਾੜੀ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ । ਕਿਸਾਨ ਨਰਿੰਦਰ ਸਿੰਘ ਨੇ ਦੱਸਿਆ ਕਿ ਸੁਪਰ ਐੱਸ.ਐੱਮ.ਐੱਸ. ਵਾਲੀ ਕੰਬਾਇਨ ਤੋਂ ਝੋਨੇ ਦੀ ਵਾਢੀ ਕਰਵਾ ਕੇ ਪਰਾਲੀ ਨੂੰ ਖੇਤ ਵਿੱਚ ਹੀ ਮਿਲਾਇਆ ਅਤੇ ਕਣਕ ਦੀ ਬਿਜਾਈ ਕੀਤੀ। ਕਿਸਾਨ ਵੱਲੋਂ ਦੱਸਿਆ ਗਿਆ ਕਿ ਝੋਨੇ ਦੀ ਪਰਾਲੀ ਦਾ ਖੇਤ ਵਿੱਚ ਹੀ ਪ੍ਰਬੰਧਨ ਕਰਨ ਨਾਲ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਮਿੱਟੀ ਦੀ ਉਪਜਾਊ ਸਕਤੀ ਵਧਣ ਨਾਲ ਖੇਤ ਵਿੱਚ ਖਾਦਾਂ ਦੀ ਜਰੂਰਤ ਘੱਟ ਜਾਂਦੀ ਹੈ ਅਤੇ ਕਣਕ ਦਾ ਝਾੜ ਵੀ ਬਰਾਬਰ ਰਹਿੰਦਾ ਹੈ । ਇਸ ਅਗਾਂਹਵਧੂ ਕਿਸਾਨ ਨੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਭਵਿੱਖ ਵਿੱਚ ਵੀ ਝੋਨੇ ਦੀ ਪਰਾਲੀ ਨੂੰ ਬਿਨਾ ਅੱਗ ਲਗਾਏ ਕਣਕ ਦੀ ਬਿਜਾਈ ਕਰੇਗਾ ਅਤੇ ਪਿੰਡ ਦੇ ਹੋਰ ਕਿਸਾਨਾਂ ਨੂੰ ਵੀ ਇਸ ਸਬੰਧੀ ਪ੍ਰੇਰਿਤ ਕਰੇਗਾ ।