ਖੇਤੀਬਾੜੀ ਸਹਿਕਾਰੀ ਸਭਾਵਾਂ 'ਚ ਡੀ. ਏ. ਪੀ. ਦੀ ਸਪਲਾਈ ਯਕੀਨੀ ਬਣਾਉਣ ਲਈ ਚੈਕਿੰਗ ਨਿਰੰਤਰ ਜਾਰੀ

ਖੇਤੀਬਾੜੀ ਸਹਿਕਾਰੀ ਸਭਾਵਾਂ ‘ਚ ਡੀ. ਏ. ਪੀ. ਦੀ ਸਪਲਾਈ ਯਕੀਨੀ ਬਣਾਉਣ ਲਈ ਚੈਕਿੰਗ ਨਿਰੰਤਰ ਜਾਰੀ
-ਕਿਸਾਨ ਖੇਤੀਬਾੜੀ ਮਾਹਰਾਂ ਦੀ ਸਲਾਹ ਮੁਤਾਬਕ ਹੀ ਵਰਤਣ ਡੀ. ਏ. ਪੀ. : ਸੰਗਰਾਮ ਸਿੰਘ ਸੰਧੂ
-ਕਿਹਾ, ਕਿਸਾਨ ਡੀ. ਏ. ਪੀ. ਦੀ ਥਾਂ ਐਨ. ਪੀ. ਕੇ. ਵੀ ਵਰਤ ਸਕਦੇ ਹਨ
ਪਟਿਆਲਾ, 7 ਨਵੰਬਰ : ਕਣਕ ਤੇ ਸਬਜ਼ੀਆਂ ਦੀ ਬਿਜਾਈ ਲਈ ਕਿਸਾਨਾਂ ਨੂੰ ਲੋੜੀਂਦੀ ਡੀ. ਏ. ਪੀ. ਖਾਦ ਦੀ ਸਪਲਾਈ ਯਕੀਨੀ ਬਣਾਉਣ ਲਈ ਜ਼ਿਲ੍ਹੇ ਅੰਦਰ ਖੇਤੀਬਾੜੀ ਸਹਿਕਾਰੀ ਸਭਾਵਾਂ ਵਿੱਚ ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਵੱਲੋਂ ਨਿਰੰਤਰ ਚੈਕਿੰਗ ਜਾਰੀ ਹੈ । ਡੀ. ਏ. ਪੀ. ਦੀ ਸਭਾਵਾਂ ਅੰਦਰ ਕਿਸੇ ਤਰ੍ਹਾਂ ਦੀ ਬਲੈਕਮਾਰਕੀਟਿੰਗ ਅਤੇ ਜਮ੍ਹਾਂਖੋਰੀ ਦੀ ਚੈਕਿੰਗ ਦੇ ਨਾਲ-ਨਾਲ ਕਿਸਾਨਾਂ ਨੂੰ ਡੀ. ਏ. ਪੀ. ਦੀ ਵੰਡ ਹੱਦ ਕਰਜੇ ਮੁਤਾਬਕ ਕੀਤੀ ਜਾਣੀ ਵੀ ਯਕੀਨੀ ਬਣਾਈ ਜਾ ਰਹੀ ਹੈ । ਪਟਿਆਲਾ ਜ਼ਿਲ੍ਹੇ ‘ਚ ਸਹਿਕਾਰੀ ਸਭਾਵਾਂ ਦੇ ਉਪ ਰਜਿਸਟਰਾਰ ਸੰਗਰਾਮ ਸਿੰਘ ਸੰਧੂ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਡੀ. ਏ. ਪੀ. ਦੀ ਆ ਰਹੀ ਸਪਲਾਈ ਖੇਤੀਬਾੜੀ ਸਹਿਕਾਰੀ ਸਭਾਵਾਂ ਵਿੱਚ ਕਿਸਾਨ ਮੈਬਰਾਂ ਨੂੰ ਤਕਸੀਮ ਕੀਤੀ ਜਾ ਰਹੀ ਹੈ । ਉਨ੍ਹਾਂ ਨੇ ਇਸੇ ਦੌਰਾਨ ਕਿਸਾਨਾਂ ਨੂੰ ਵੀ ਸਲਾਹ ਦਿੱਤੀ ਕਿ ਉਹ ਖੇਤੀਬਾੜੀ ਮਾਹਰਾਂ ਦੀ ਰਾਏ ਮੁਤਾਬਕ ਹੀ ਡੀ. ਏ. ਪੀ. ਦੀ ਵਰਤੋਂ ਆਪਣੇ ਖੇਤਾਂ ਵਿੱਚ ਕਰਨ । ਉਨ੍ਹਾਂ ਕਿਹਾ ਕਿ ਡੀ. ਏ. ਪੀ. ਦੇ ਬਦਲ ਵਜੋਂ ਕਿਸਾਨ ਐਨ. ਪੀ. ਕੇ. ਦੀ ਵੀ ਵਰਤੋਂ ਕਰ ਸਕਦੇ ਹਨ, ਜੋਕਿ ਖੇਤੀਬਾੜੀ ਸਹਿਕਾਰੀ ਸਭਾਵਾਂ ਵਿੱਚ ਵਾਧੂ ਉਪਲਬੱਧ ਕਰਵਾਇਆ ਜਾ ਰਿਹਾ ਹੈ । ਉਪ ਰਜਿਸਟਰਾਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਡੀ. ਏ. ਪੀ. ਦੀ ਬਲੈਕਮਾਰਕੀਟਿੰਗ, ਜਮ੍ਹਾਂਖੋਰੀ ਤੇ ਕਿਸਾਨਾਂ ਨੂੰ ਇਸ ਦੀ ਵੰਡ ਹੱਦ ਕਰਜੇ ਮੁਤਾਬਕ ਕੀਤੇ ਜਾਣ ਦੀ ਚੈਕਿੰਗ ਉਹ ਖ਼ੁਦ ਅਤੇ ਉਨ੍ਹਾਂ ਦੇ ਸਹਾਇਕ ਰਜਿਸਟਰਾਰ ਸਮੇਤ ਸਾਰੇ ਇੰਸਪੈਕਟਰ ਕਰ ਰਹੇ ਹਨ । ਸੰਗਰਾਮ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 263 ਖੇਤੀਬਾੜੀ ਸਹਿਕਾਰੀ ਸਭਾਵਾਂ ਹਨ, ਇਨ੍ਹਾਂ ਵਿੱਚ ਲਗਾਤਾਰ ਡੀ. ਏ. ਪੀ. ਦੀ ਸਪਲਾਈ ਆ ਰਹੀ ਹੈ ਅਤੇ ਮਾਰਕਫੈਡ ਅਤੇ ਇਫਕੋ ਵੱਲੋਂ ਹੁਣ ਤੱਕ 7843.9 ਮੀਟ੍ਰਿਕ ਟਨ ਡੀ. ਏ. ਪੀ. ਦੀ ਸਪਲਾਈ ਆ ਚੁੱਕੀ ਹੈ, ਜੋ ਕਿ ਕਿਸਾਨ ਮੈਂਬਰਾਂ ਨੂੰ ਉਨ੍ਹਾਂ ਦੀ ਹੱਦ ਕਰਜੇ ਮੁਤਾਬਕ ਸਭਾਵਾਂ ਵੱਲੋਂ ਵੰਡੀ ਜਾ ਰਹੀ ਹੈ । ਉਨ੍ਹਾਂ ਅੱਗੇ ਦੱਸਿਆ ਕਿ ਐਨ. ਪੀ. ਕੇ. ਦੀ ਜ਼ਿਲ੍ਹੇ ਦੀਆਂ ਸਹਿਕਾਰੀ ਸਭਾਵਾਂ ਵਿੱਚ ਮੰਗ 230 ਮੀਟ੍ਰਿਕ ਟਨ ਦੀ ਹੈ ਜਦਕਿ ਇਸ ਦੀ ਸਪਲਾਈ 1730 ਮੀਟ੍ਰਿਕ ਟਨ ਦੀ ਕੀਤੀ ਜਾ ਚੁੱਕੀ ਹੈ, ਇਸ ਲਈ ਕਿਸਾਨ ਡੀ. ਏ. ਪੀ. ਦੀ ਥਾਂ ਐਨ. ਪੀ. ਕੇ ਦੀ ਵਰਤੋਂ ਕਰਨ ਨੂੰ ਤਰਜੀਹ ਦੇਣ।
