ਲਾਅ ਯੂਨੀਵਰਸਿਟੀ ਵਿਖੇ ਐਨ.ਆਈ.ਏ. ਦੇ ਲਾਅ ਅਫ਼ਸਰਾਂ ਲਈ ਪੰਜ-ਰੋਜ਼ਾ ਰਿਫਰੈਸ਼ਰ ਸਿਖਲਾਈ ਪ੍ਰੋਗਰਾਮ ਸ਼ੁਰੂ
ਪੰਜ-ਰੋਜ਼ਾ ਰਿਫਰੈਸ਼ਰ ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ
ਪਟਿਆਲਾ, 19 ਜੂਨ:
ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਵੱਲੋਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਦੇ ਸਹਿਯੋਗ ਨਾਲ ‘ਅੱਤਵਾਦ ਵਿਰੋਧੀ ਕਾਨੂੰਨ: ਜਾਂਚ, ਸਬੂਤ ਅਤੇ ਮੁਕੱਦਮੇ’ ਵਿਸ਼ੇ ‘ਤੇ ਪੰਜ-ਰੋਜ਼ਾ ਰਿਫਰੈਸ਼ਰ ਸਿਖਲਾਈ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ।
ਸਿਖਲਾਈ ਪ੍ਰੋਗਰਾਮ ਦਾ ਉਦੇਸ਼ ਅੱਤਵਾਦ ਵਿਰੋਧੀ ਕਾਨੂੰਨਾਂ, ਜਾਂਚ ਅਤੇ ਮੁਕੱਦਮੇ ਨਾਲ ਸਬੰਧਤ ਨਵੀਂਆਂ ਕਾਨੂੰਨੀ ਅਤੇ ਤਕਨੀਕੀ ਤਕਨੀਕਾਂ ਤੋਂ ਰਾਸ਼ਟਰੀ ਜਾਂਚ ਏਜੰਸੀ ਦੇ ਲਾਅ ਅਧਿਕਾਰੀਆਂ ਨੂੰ ਜਾਣੂ ਕਰਵਾਉਣਾ ਹੈ।
ਪੰਜ ਦਿਨਾਂ ਸਿਖਲਾਈ ਪ੍ਰੋਗਰਾਮ ‘ਚ ਸਬੂਤਾਂ ਦਾ ਸੰਗ੍ਰਹਿ, ਇਲੈੱਕਟ੍ਰਾਨਿਕ ਸਬੂਤ ਅਤੇ ਸੋਸ਼ਲ ਮੀਡੀਆ, ਅੱਤਵਾਦ ਵਿਰੋਧੀ ਮਾਮਲਿਆਂ ਵਿੱਚ ਸਟ੍ਰਕਚਰਡ ਇਨਵੈਸਟੀਗੇਸ਼ਨ, ਸੋਸ਼ਲ ਮੀਡੀਆ ਅਤੇ ਆਨਲਾਈਨ ਰੈਡੀਕਲਾਈਜ਼ੇਸ਼ਨ, ਯੂਏਪੀਏ, 1967 ਅਤੇ 1967 ਦੇ ਤਹਿਤ ਨਵੀਨਤਮ ਸੋਧਾਂ ਅਤੇ ਤਾਜ਼ਾ ਫ਼ੈਸਲੇ ਵਰਗੇ ਮੁੱਦਿਆਂ ‘ਤੇ ਕਈ ਸੈਸ਼ਨ ਆਯੋਜਿਤ ਕੀਤੇ ਜਾਣਗੇ।
ਵਧੀਕ ਡਾਇਰੈਕਟਰ ਜਨਰਲ ਐਨ.ਆਈ.ਏ. ਅਤੁਲਚੰਦਰ ਕੁਲਕਰਨੀ ਉਦਘਾਟਨੀ ਸੈਸ਼ਨ ‘ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਅੱਤਵਾਦ ਨਾਲ ਸਬੰਧਤ ਹੰਗਾਮੀ ਮੁੱਦਿਆਂ ‘ਤੇ ਚਰਚਾ ਕਰਦੇ ਹੋਏ ਯੂਏਪੀਏ, 1967 ਅਤੇ ਐਨਆਈਏ ਐਕਟ, 2008, ਕੇਸਾਂ ਦੇ ਤੇਜ਼ੀ ਨਾਲ ਨਿਪਟਾਰੇ, ਸਾਈਬਰ-ਅੱਤਵਾਦ ਅਤੇ ਮਨੁੱਖੀ ਤਸਕਰੀ ਦੇ ਸਬੰਧ ਵਿੱਚ ਐਨਆਈਏ ਦੇ ਅੰਦਰ ਨਵੇਂ ਵਿੰਗਾਂ ਨੂੰ ਸ਼ਾਮਲ ਕਰਨ, ਅਤੇ ਜ਼ਮਾਨਤ ਸੁਧਾਰਾਂ ਦੀ ਜ਼ਰੂਰਤ ਬਾਰੇ ਆਪਣੇ ਵਿਚਾਰ ਰੱਖੇ।
ਆਰ.ਜੀ.ਐਨ.ਯੂ.ਐਲ. ਦੇ ਉਪ ਕੁਲਪਤੀ ਪ੍ਰੋ. (ਡਾ.) ਆਨੰਦਪਵਾਰ ਨੇ ਪ੍ਰਧਾਨਗੀ ਭਾਸ਼ਣ ਦਿੱਤਾ ਅਤੇ ਕੇਂਦਰ ਅਤੇ ਰਾਜ ਏਜੰਸੀਆਂ ਵਿਚਕਾਰ ਤਾਲਮੇਲ ਦੀ ਲੋੜ, ਨਿਆਇਕ ਸੁਧਾਰਾਂ ਅਤੇ ਇੱਕ ਸਾਂਝਾ ਡਾਟਾਬੇਸ ਦੀ ਸਥਾਪਨਾ ‘ਤੇ ਚਰਚਾ ਕੀਤੀ। ਪ੍ਰੋ. (ਡਾ.) ਰਾਕੇਸ਼ ਮੋਹਨ ਸ਼ਰਮਾ, ਸਲਾਹਕਾਰ (ਫੋਰੈਂਸਿਕ), ਆਰਜੀਐਨਯੂਐਲ ਨੇ ਧੰਨਵਾਦ ਦੇ ਮਤੇ ਨਾਲ ਉਦਘਾਟਨੀ ਸੈਸ਼ਨ ਦੀ ਸਮਾਪਤੀ ਕੀਤੀ।