ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼ ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣਾ ਹਰ ਨਾਗਰਿਕ ਦਾ ਨੈਤਿਕ ਫਰਜ਼ : ਐਸ. ਡੀ. ਐਮ. ਚਰਨਜੋਤ ਸਿੰਘ ਵਾਲੀਆ

ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼ ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣਾ ਹਰ ਨਾਗਰਿਕ ਦਾ ਨੈਤਿਕ ਫਰਜ਼ : ਐਸ. ਡੀ. ਐਮ. ਚਰਨਜੋਤ ਸਿੰਘ ਵਾਲੀਆ
ਐਸ. ਡੀ. ਐਮ. ਸੰਗਰੂਰ ਵੱਲੋਂ ਲੌਂਗੋਵਾਲ, ਬਡਰੁੱਖਾਂ, ਦੁੱਗਾਂ, ਭੰਮਾਂਬੱਦੀ ਆਦਿ ਪਿੰਡਾਂ ਦਾ ਦੌਰਾ
ਸੰਗਰੂਰ ‘ਚ ਪਰਾਲੀ ਦੇ ਵਾਤਾਵਰਨ ਪੱਖੀ ਢੰਗ ਨਾਲ ਨਿਬੇੜੇ ਬਾਰੇ ਜਾਗਰੂਕਤਾ ਮੁਹਿੰਮ ਵਿਆਪਕ ਪੱਧਰ ਉਤੇ ਜਾਰੀ
ਸੰਗਰੂਰ, 6 ਨਵੰਬਰ : ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਵੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਨਾ ਸਾੜਨ ਬਾਰੇ ਜਾਗਰੂਕ ਕਰਨ ਲਈ ਮੁਹਿੰਮ ਨੂੰ ਪੂਰੇ ਜ਼ੋਰ ਨਾਲ ਜਾਰੀ ਰੱਖਿਆ ਗਿਆ। ਸਬ ਡਵੀਜ਼ਨ ਸੰਗਰੂਰ ਦੇ ਪਿੰਡਾਂ ਉਭਾਵਾਲ, ਲੌਂਗੋਵਾਲ, ਕਿਲਾ ਭਰੀਆਂ, ਦੁੱਗਾਂ, ਬਡਰੁੱਖਾਂ, ਭੰਮਾਬੱਦੀ ਆਦਿ ਵਿੱਚ ਐਸ. ਡੀ. ਐਮ. ਚਰਨਜੋਤ ਸਿੰਘ ਵਾਲੀਆ ਦੀ ਅਗਵਾਈ ਵਿੱਚ ਪ੍ਰਸ਼ਾਸਨਿਕ ਅਤੇ ਪੁਲਿਸ ਟੀਮਾਂ ਆਪਸੀ ਤਾਲਮੇਲ ਨਾਲ ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ ਪਰਾਲੀ ਪ੍ਰਬੰਧਨ ਬਾਰੇ ਜਾਣਕਾਰੀ ਦਿੰਦੀਆਂ ਰਹੀਆਂ । ਉਹਨਾਂ ਨੇ ਕਿਹਾ ਕਿ ਆਉਣ ਵਾਲੀਆਂ ਪੀੜੀਆਂ ਨੂੰ ਸਾਫ ਸੁਥਰਾ ਵਾਤਾਵਰਣ ਮੁੱਹਈਆ ਕਰਵਾਉਣਾ ਸਾਡਾ ਸਭ ਦਾ ਨੈਤਿਕ ਫਰਜ਼ ਹੈ ਅਤੇ ਕਿਸਾਨ ਵੀਰਾਂ ਨੂੰ ਇਸ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣਾ ਚਾਹੀਦਾ ਹੈ, ਇਸਦੇ ਨਾਲ ਹੀ ਐਸ. ਡੀ. ਐਮ. ਵਾਲੀਆ ਖੁਦ ਵੀ ਵੱਖ-ਵੱਖ ਪਿੰਡਾਂ ਵਿੱਚ ਪਹੁੰਚੇ ਅਤੇ ਖੇਤੀਬਾੜੀ ਕਰ ਰਹੇ ਕਿਸਾਨਾਂ ਨੂੰ ਪਰਾਲੀ ਦਾ ਵਾਤਾਵਰਨ ਪੱਖੀ ਢੰਗ ਨਾਲ ਨਿਬੇੜਾ ਕਰਨ ਬਾਰੇ ਪ੍ਰੇਰਿਤ ਕੀਤਾ । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸ. ਡੀ. ਐਮ. ਚਰਨਜੋਤ ਸਿੰਘ ਵਾਲੀਆ ਨੇ ਦੱਸਿਆ ਕਿ ਇਨ੍ਹਾਂ ਟੀਮਾਂ ਦੇ ਨੋਡਲ ਅਫ਼ਸਰ ਤੇ ਕਲੱਸਟਰ ਅਫ਼ਸਰ ਪਿੰਡਾਂ ਦੇ ਖੇਤਾਂ ਵਿੱਚ ਪਹੁੰਚ ਕਰਕੇ ਪੰਜਾਬ ਸਰਕਾਰ ਵੱਲੋਂ ਉਪਲਬਧ ਕਰਵਾਈ ਖੇਤੀ ਮਸ਼ੀਨਰੀ ਬਾਰੇ ਕਿਸਾਨਾਂ ਨੂੰ ਸੁਚੇਤ ਕਰ ਰਹੇ ਹਨ । ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵਾਤਾਵਰਨ ਨੂੰ ਬਚਾਉਣ ਦੀ ਮੁਹਿੰਮ ਵਿੱਚ ਸਾਰਥਕ ਭੂਮਿਕਾ ਨਿਭਾਉਣ ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ਼ ਸੁਥਰਾ ਆਲਾ-ਦੁਆਲਾ ਮੁਹੱਈਆ ਕਰਵਾਉਣਾ ਹਰੇਕ ਨਾਗਰਿਕ ਦਾ ਨੈਤਿਕ ਫਰਜ਼ ਹੈ । ਉਨ੍ਹਾਂ ਕਿਹਾ ਕਿ ਪਰਾਲੀ ਅਤੇ ਫ਼ਸਲਾਂ ਦੀ ਰਹਿੰਦ ਖੂਹੰਦ ਨੂੰ ਅੱਗ ਲਗਾਉਣ ਨਾਲ ਪੈਦਾ ਹੋਣ ਵਾਲੇ ਖਤਰਿਆਂ ਨੂੰ ਰੋਕਿਆ ਜਾਣਾ ਬੇਹੱਦ ਜ਼ਰੂਰੀ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਜਾਗਰੂਕਤਾ ਮੁਹਿੰਮ ਇਸ ਵਿੱਚ ਵੱਡਾ ਯੋਗਦਾਨ ਪਾਵੇਗੀ ।
