ਐਸ. ਡੀ. ਐਮ. ਪ੍ਰਮੋਦ ਸਿੰਗਲਾ ਅਤੇ ਡੀ. ਐਸ. ਪੀ ਹਰਵਿੰਦਰ ਸਿੰਘ ਖਹਿਰਾ ਨੇ ਸੁਨਾਮ ਵਿਖੇ ਤੇਜ ਕੀਤੀਆਂ ਜਾਗਰੂਕਤਾ ਗਤੀਵਿਧੀਆਂ

ਐਸ. ਡੀ. ਐਮ. ਪ੍ਰਮੋਦ ਸਿੰਗਲਾ ਅਤੇ ਡੀ. ਐਸ. ਪੀ ਹਰਵਿੰਦਰ ਸਿੰਘ ਖਹਿਰਾ ਨੇ ਸੁਨਾਮ ਵਿਖੇ ਤੇਜ ਕੀਤੀਆਂ ਜਾਗਰੂਕਤਾ ਗਤੀਵਿਧੀਆਂ
ਪਰਾਲੀ ਸਾੜਨ ਦੀ ਮਾੜੀ ਪ੍ਰਥਾ ਨੂੰ ਮੁਕੰਮਲ ਤੌਰ ‘ਤੇ ਖਤਮ ਕਰਨਾ ਸਮੇਂ ਦੀ ਅਹਿਮ ਲੋੜ- ਪ੍ਰਮੋਦ ਸਿੰਗਲਾ
ਸੁਨਾਮ ਉਧਮ ਸਿੰਘ ਵਾਲਾ, 9 ਨਵੰਬਰ : ਸੁਨਾਮ ਉਧਮ ਸਿੰਘ ਵਾਲਾ ਸਬ ਡਿਵੀਜ਼ਨ ਅਧੀਨ ਆਉਂਦੇ ਪਿੰਡਾਂ ਵਿੱਚ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਵਾਲੇ ਪਾਸੇ ਪ੍ਰੇਰਿਤ ਕਰਨ ਦੇ ਉਦੇਸ਼ ਨਾਲ ਅੱਜ ਐਸ. ਡੀ. ਐਮ. ਪ੍ਰਮੋਦ ਸਿੰਗਲਾ ਅਤੇ ਡੀ. ਐਸ. ਪੀ. ਹਰਵਿੰਦਰ ਸਿੰਘ ਖਹਿਰਾ ਦੀ ਅਗਵਾਈ ਹੇਠ ਵੱਡੀ ਗਿਣਤੀ ਟੀਮਾਂ ਪਿੰਡਾਂ ਵਿੱਚ ਪੂਰੀ ਸਰਗਰਮੀ ਨਾਲ ਗਤੀਵਿਧੀਆਂ ਨੂੰ ਅਮਲ ਵਿੱਚ ਲਿਆਉਂਦੀਆਂ ਰਹੀਆਂ । ਐਸ. ਡੀ. ਐਮ. ਪ੍ਰਮੋਦ ਸਿੰਗਲਾ ਨੇ ਕਿਹਾ ਕਿ ਡੀ. ਸੀ. ਸੰਦੀਪ ਰਿਸ਼ੀ ਅਤੇ ਐਸ. ਐਸ. ਪੀ. ਸਰਤਾਜ ਸਿੰਘ ਚਾਹਲ ਦੀ ਅਗਵਾਈ ਹੇਠ ਪਿਛਲੇ ਕਈ ਹਫਤਿਆਂ ਤੋਂ ਲਗਾਤਾਰ ਸਬ ਡਿਵੀਜ਼ਨ ਦੇ ਪਿੰਡਾਂ ਵਿੱਚ ਪਹੁੰਚ ਕਰਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਨ ਦੇ ਨਾਲ ਨਾਲ ਸਰਕਾਰ ਵੱਲੋਂ ਸਬਸਿਡੀ ਉੱਤੇ ਉਪਲਬਧ ਕਰਵਾਈਆਂ ਗਈਆਂ ਖੇਤੀ ਮਸ਼ੀਨਾਂ ਦੀ ਵਰਤੋਂ ਪਰਾਲੀ ਪ੍ਰਬੰਧਨ ਹਿਤ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਜਿਸ ਦੇ ਸਾਰਥਕ ਨਤੀਜੇ ਸਾਹਮਣੇ ਆਉਣਗੇ । ਐਸ. ਡੀ. ਐਮ. ਪ੍ਰਮੋਦ ਸਿੰਗਲਾ ਨੇ ਅੱਜ ਪਿੰਡ ਸ਼ੇਰੋਂ ਸ਼ਾਹਪੁਰ ਭਗਵਾਨਪੁਰਾ ਚੀਮਾ ਆਦ ਸਮੇਤ ਕਈ ਪਿੰਡਾਂ ਦਾ ਦੌਰਾ ਕੀਤਾ ਅਤੇ ਇਸ ਦੌਰਾਨ ਕਿਸਾਨਾਂ ਨੂੰ ਵਾਤਾਵਰਣ ਦੀ ਸਾਂਭ ਸੰਭਾਲ ਵਿੱਚ ਯੋਗਦਾਨ ਪਾਉਣ ਲਈ ਪਰਾਲੀ ਸਾੜਨ ਦੀ ਰਵਾਇਤ ਨੂੰ ਮੁਕੰਮਲ ਤੌਰ ਉੱਤੇ ਰੋਕਣ ਦੀ ਅਪੀਲ ਕੀਤੀ । ਐਸ. ਡੀ. ਐਮ. ਨੇ ਕਿਹਾ ਕਿ ਪਰਾਲੀ ਸਾੜਨ ਨਾਲ ਅਸੀਂ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ਨੂੰ ਖਤਰੇ ਵਿੱਚ ਪਾਉਂਦੇ ਹਾਂ ਅਤੇ ਇਸ ਰਿਵਾਇਤ ਨੂੰ ਪੰਜਾਬ ਵਿੱਚ ਪੂਰਨ ਤੌਰ ਤੇ ਖਤਮ ਕੀਤਾ ਜਾਣਾ ਸਮੇਂ ਦੀ ਅਹਿਮ ਲੋੜ ਬਣ ਗਿਆ ਹੈ ।
