ਚਚੇਰੀ ਭੈਣ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿਚ ਦੋ ਸਕੇ ਭਰਾ ਗ੍ਰਿਫ਼ਤਾਰ

ਚਚੇਰੀ ਭੈਣ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿਚ ਦੋ ਸਕੇ ਭਰਾ ਗ੍ਰਿਫ਼ਤਾਰ
ਫਾਜਿ਼ਲਕਾ : ਪੰਜਾਬ ਦੇ ਜਿਲਾ ਫਾਜਿ਼ਲਕਾ `ਚ ਆਪਣੀ ਚਚੇਰੀ ਭੈਣ ਨਾਲ ਬਲਾਤਕਾਰ ਕਰਨ ਦੇ ਦੋਸ਼ `ਚ ਥਾਣਾ ਖੂਈਖੇੜਾ ਦੀ ਪੁਲਸ ਨੇ ਦੋ ਸਕੇ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਦੋਹਾਂ ਨੌਜਵਾਨਾਂ ਨੇ ਸਿਰਫ਼ ਚਚੇਰੀ ਭੈਣ ਦਾ ਬਲਾਤਕਾਰ ਹੀ ਨਹੀਂ ਕੀਤਾ ਬਲਕਿ ਅਜਿਹਾ ਕਰਨ ਵੇਲੇ ਦੀ ਲੜਕੀ ਦੀ ਵੀਡੀਓ ਵੀ ਬਣਾਈ ਤੇ ਲੜਕੀ ਨੂੰ ਬਲੈਕਮੇਲ ਕੀਤਾ । ਭਰਾਵਾਂ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ । ਮੈਡੀਕਲ ਕਰਵਾਉਣ ਲਈ ਮੁਲਜ਼ਮਾਂ ਨੂੰ ਸਰਕਾਰੀ ਹਸਪਤਾਲ ਲੈ ਕੇ ਪਹੁੰਚੀ ਪੁਲਿਸ ਟੀਮ ਦੇ ਅਧਿਕਾਰੀ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ 10 ਫਰਵਰੀ 2024 ਨੂੰ ਇੱਕ ਕੇਸ ਦਰਜ ਹੋਇਆ ਸੀ, ਜਿਸ ਵਿੱਚ ਇੱਕ ਲੜਕੀ ਨੇ ਦੱਸਿਆ ਸੀ ਕਿ ਉਸ ਦੇ ਮਾਤਾ-ਪਿਤਾ ਦੀ ਮੌਤ ਹੋ ਗਈ ਹੈ।ਉਹ ਫਾਜ਼ਿਲਕਾ ਦੇ ਪਿੰਡ ਪਤਰੇਵਾਲਾ `ਚ ਆਪਣੇ ਮਾਮੇ ਦੇ ਘਰ ਰਹਿੰਦੀ ਹੈ, ਉਸ ਨੇ ਦੋਸ਼ ਲਾਇਆ ਕਿ ਉਸ ਦੇ ਮਾਮਾ ਅਤੇ ਮਾਮੀ ਘਰ ਨਹੀਂ ਸਨ, ਜਿਸ ਕਾਰਨ ਉਸ ਦੇ ਤਾਏ ਦੇ ਲੜਕੇ ਇੱਥੇ ਆਏ ਤੇ ਉਸ ਨਾਲ ਜ਼ਬਰਦਸਤੀ ਕੀਤੀ । ਇੰਨਾ ਹੀ ਨਹੀਂ, ਦੋਸ਼ੀਆਂ ਨੇ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕੀਤਾ ਅਤੇ ਉਸ ਨੂੰ ਰਾਜਸਥਾਨ ਅਤੇ ਜ਼ੀਰਕਪੁਰ ਲੈ ਗਏ, ਇਥੇ ਵੀ ਲੜਕੀ ਨਾਲ ਸਰੀਰਕ ਸਬੰਧ ਬਣਾਏ । ਲੜਕੀ ਦੇ ਦੋਸ਼ਾਂ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ `ਚ ਮਾਮਲਾ ਦਰਜ ਕਰ ਲਿਆ ਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ । ਕਾਫੀ ਤਲਾਸ਼ੀ ਲੈਣ ਤੋਂ ਬਾਅਦ ਪੁਲਿਸ ਨੇ ਦੋਨਾਂ ਭਰਾਵਾਂ ਦੀਪਕ ਅਤੇ ਕਮਲ ਵਾਸੀ ਅਨੂਪਗੜ੍ਹ ਨੂੰ ਗਿ੍ਫ਼ਤਾਰ ਕਰਕੇ ਫ਼ਾਜ਼ਿਲਕਾ ਵਿਖੇ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਹੈ ।
