ਸ਼੍ਰੀ ਪੰਚਾਇਤੀ ਨਿਰਮਲ ਅਖਾੜਾ ਡੇਰੇ ਦੀ ਜ਼ਮੀਨ ਤੇ ਨਜ਼ਾਇਜ਼ ਕਬਜ਼ੇ ਖ਼ਿਲਾਫ਼ ਪੰਜਾਬ ਭਾਜਪਾ ਦਾ ਰੋਸ ਪ੍ਰਦਰਸ਼ਨ

ਦੁਆਰਾ: News ਪ੍ਰਕਾਸ਼ਿਤ :Monday, 19 June, 2023, 05:55 PM

ਇਸ ਡੇਰੇ ਲਈ ਜ਼ਮੀਨ 150 ਸਾਲ ਪਹਿਲੇ ਮੇਰੇ ਪੁਰਖੇ ਮਹਾਰਾਜਾ ਨਰਿੰਦਰ ਸਿੰਘ ਦੁਆਰਾ ਦਾਨ ਕੀਤੀ ਗਈ ਸੀ ਅਤੇ ਇਸ ਉੱਤੇ ਕੀਤੇ ਜਾ ਰਹੇ ਨਜ਼ਾਇਜ਼ ਕਬਜ਼ੇ ਦਾ ਅਸੀਂ ਸਖ਼ਤ ਵਿਰੋਧ ਕਰਦੇ ਹਾਂ – ਜੈ ਇੰਦਰ ਕੌਰ

ਪਟਿਆਲਾ, 19 ਜੂਨ
ਸ਼੍ਰੀ ਪੰਚਾਇਤੀ ਅਖਾੜਾ ਨਿਰਮਲ, ਡੇਰਾ ਧਰਮ ਧਵਜ ਵਿਖੇ ਪਿਛਲੇ ਦਿਨੀਂ ਗੁੰਡਾਗਰਦੀ ਅਤੇ ਪੁਲਿਸ ਦੀ ਮਿਲੀਭੁਗਤ ਤਹਿਤ ਕੀਤੇ ਗਏ ਨਜ਼ਾਇਜ਼ ਕਬਜ਼ੇ ਖ਼ਿਲਾਫ਼ ਬੀਬਾ ਜੈ ਇੰਦਰ ਕੌਰ ਦੀ ਅਗਵਾਈ ਵਿੱਚ ਪੰਜਾਬ ਭਾਜਪਾ ਵੱਲੋਂ ਪਟਿਆਲਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਮਹੰਤ ਸਮਾਜ ਅਤੇ ਭਾਜਪਾ ਦੇ ਲੀਡਰਾਂ ਵਲੋਂ ਕੀਤੇ ਗਏ ਇਸ ਪ੍ਰਦਰਸ਼ਨ ਦੌਰਾਨ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦਿੱਤੀ ਗਈ ਕਿ ਅਗਰ 2 ਦਿਨ ਵਿੱਚ ਮਹੰਤਾਂ ਨੂੰ ਇਨਸਾਫ਼ ਨਹੀਂ ਦਿੱਤਾ ਜਾਂਦਾ ਤਾਂ ਪੰਜਾਬ ਦਾ ਪੂਰਨ ਮਹੰਤ ਸਮਾਜ ਅਤੇ ਪੰਜਾਬ ਭਾਜਪਾ ਵੱਲੋਂ ਵੱਡੇ ਪੱਧਰ ਉਤੇ ਮੁਜ਼ਹਾਰੇ ਕੀਤੇ ਜਾਣਗੇ।

ਰੋਜ਼ ਪ੍ਰਦਰਸ਼ਨ ਨੂੰ ਸੰਬੋਧਿਤ ਕਰਦਿਆਂ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਬੀਬਾ ਜੈ ਇੰਦਰ ਕੌਰ ਨੇ ਕਿਹਾ, “ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਕੁਝ ਗੁੰਡਿਆਂ ਵਲੋਂ ਕੀਤੀ ਇਹ ਕਾਰਵਾਈ ਅਤਿ ਨਿੰਦਣਯੋਗ ਹੈ ਅਤੇ ਅਸੀਂ ਇਸ ਦੇ ਖ਼ਿਲਾਫ਼ ਅੱਜ ਇਹ ਪ੍ਰਦਰਸ਼ਨ ਕਰ ਰਹੇ ਹਾਂ। ਇਹ ਡੇਰਾ 150 ਸਾਲ ਪੁਰਾਣਾ ਹੈ, ਜਿਸਦੇ ਜ਼ਮੀਨ ਮੇਰੇ ਪੁਰਖੇ ਮਹਾਰਾਜਾ ਨਰਿੰਦਰ ਸਿੰਘ ਕਿ ਵੱਲੋਂ ਬਾਬਾ ਮਹਿਤਾਬ ਸਿੰਘ ਜੀ ਨੂੰ ਦਾਨ ਕੀਤੀ ਗਈ ਸੀ। 1905 ਵਿੱਚ ਇਹ ਡੇਰਾ ਪੰਚਾਇਤੀ ਅਖਾੜਾ ਨਿਰਮਲ, ਹਰਿਦੁਆਰ ਨਾਲ ਰਜਿਸਟਰ ਹੋ ਗਿਆ ਸੀ, ਅਤੇ 1993 ਵਿੱਚ ਗਿਆਨ ਦੇਵ ਸਿੰਘ ਮਹੰਤ ਜੀ ਦੁਆਰਾ ਅੱਗੇ ਇਹ ਡੇਰਾ ਮਹੰਤ ਦਰਸ਼ਨ ਸਿੰਘ ਜੀ ਨੂੰ ਦੇ ਦਿੱਤਾ ਗਿਆ ਸੀ। ਇਨ੍ਹਾਂ ਪੁਰਾਣਾ ਅਤੇ ਇਤਿਹਾਸਕ ਡੇਰਾ ਹੋਣ ਦੇ ਬਾਵਜੂਦ ਇਹਨਾਂ ਮਹੰਤਾਂ ਨਾਲ ਕੀਤਾ ਗਿਆ ਧੱਕਾ ਸ਼ਰਮਿੰਦਾ ਕਰਨ ਵਾਲਾ ਹੈ।”

ਉਨ੍ਹਾਂ ਅੱਗੇ ਦੱਸਿਆ, “2 ਦਿਨ ਪਹਿਲਾਂ ਸਵੇਰ ਦੀ ਸਮੇਂ ਕੁਝ ਗੁੰਡਿਆਂ ਵਲੋਂ ਪੁਲਿਸ ਦੀ ਮਦਦ ਨਾਲ ਇਸ ਡੇਰੇ ਉੱਤੇ ਨਾਜਾਇਜ਼ ਕਬਜ਼ਾ ਕਰ ਲਿਆ ਗਿਆ ਅਤੇ ਇੱਥੇ ਰਹਿੰਦੇ ਮਹੰਤਾਂ ਨਾਲ ਕੁੱਟਮਾਰ ਕਰਕੇ ਉਨ੍ਹਾਂ ਨੂੰ ਬਾਹਰ ਸੁੱਟਿਆ ਗਿਆ। ਇਹ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਕਿਸ ਤਰ੍ਹਾਂ ਦਾ ਬਦਲਾਵ ਲਿਆ ਰਹੇ ਹੈ ਕਿ ਦਸ਼ਕਾਂ ਤੋਂ ਬੈਠੇ ਸਾਧੂ ਸੰਤਾਂ ਨਾਲ ਆਪਣੇ ਕੁਝ ਲੋਕਾਂ ਨੂੰ ਫਾਇਦਾ ਪਹੁੰਚਾਉਣ ਲਈ ਧੱਕੇਸ਼ਾਹੀ ਤੇ ਆ ਉੱਤਰੀ ਹੈ।”

ਉਨ੍ਹਾਂ ਅੱਗੇ ਕਿਹਾ, “ਪਟਿਆਲਾ ਘਰਾਣੇ ਦਾ ਇਨ੍ਹਾਂ ਸੰਤਾਂ ਨਾਲ ਪੁਰਾਣਾ ਰਿਸ਼ਤਾ ਰਿਹਾ ਹੈ ਅਤੇ ਮੈਂ ਇਨ੍ਹਾਂ ਨੂੰ ਵਿਸ਼ਵਾਸ ਦਿਵਾਉਂਦੀ ਹਾਂ ਕਿ ਇਨ੍ਹਾਂ ਨਾਲ ਮੈਂ ਬਿਲਕੁਲ ਵੀ ਧੱਕਾ ਨਹੀ ਹੋਣ ਦੇਵਾਂਗੀ ਅਤੇ ਸਾਡੀ ਸਮੁੱਚੀ ਟੀਮ ਇਨ੍ਹਾਂ ਨਾਲ ਖੜੀ ਹੈ। ਅਸੀਂ ਪ੍ਰਸ਼ਾਸਨ ਨੂੰ ਵੀ ਚਿਤਾਵਨੀ ਦਿੰਦੇ ਹਾਂ ਕਿ ਅਗਰ 2 ਦਿਨ ਵਿੱਚ ਇਨ੍ਹਾਂ ਨੂੰ ਇਨਸਾਫ ਨਹੀਂ ਦਿੱਤਾ ਜਾਂਦਾ ਤਾਂ ਅਸੀਂ ਪੰਜਾਬ ਭਰ ਵਿੱਚ ਵੱਡੇ ਪੱਧਰ ਉਤੇ ਪ੍ਰਦਰਸ਼ਨ ਕਰਾਂਗੇ।”

ਜੈ ਇੰਦਰ ਕੌਰ ਨੇ ਦੱਸਿਆ, “ਮੈਂ ਮਹੰਤਾਂ ਨਾਲ ਕੀਤੀ ਇਸ ਧੱਕੇਸ਼ਾਹੀ ਬਾਰੇ ਕੱਲ ਗੁਰਦਾਸਪੁਰ ਵਿਖੇ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੂੰ ਵੀ ਜਾਣੂ ਕਰਵਾਇਆ ਅਤੇ ਉਨ੍ਹਾਂ ਨੇ ਵੀ ਇਹ ਭਰੋਸਾ ਦਿੱਤਾ ਹੈ ਕਿ ਲੋੜ ਪੈਣ ਤੇ ਉਹ ਕੇਂਦਰ ਸਰਕਾਰ ਵਲੋਂ ਵੀ ਪੂਰੀ ਮਦਦ ਮੁਹਈਆ ਕਰਵਾਉਣਗੇ।”

ਇਸ ਮੌਕੇ ‘ਤੇ ਮੁਖੀਆ ਮਹੰਤ ਪਿਆਰਾ ਸਿੰਘ ਨੇ ਕਿਹਾ, “ਸੰਤ ਸਮਾਜ ਨਾਲ ਕੀਤਾ ਜਾ ਰਿਹਾ ਇਹ ਧੱਕਾ ਬਹੁਤ ਹੀ ਨਿਰਾਸ਼ਾਜਨਕ ਹੈ, ਅਸੀਂ ਕਈਂ ਦਹਾਕਿਆਂ ਤੋਂ ਇਥੇ ਵਸੇ ਹੋਏ ਹਾਂ ਅਤੇ ਸਾਡਾ ਏਥੇ ਦੇ ਲੋਕਾਂ ਨਾਲ ਖ਼ਾਸ ਰਿਸ਼ਤਾ ਹੈ। ਮਗਰ ਕੁਝ ਸ਼ਰਾਰਤੀ ਅਨਸਰਾਂ ਵਲੋਂ ਰਾਜਨੀਤਿਕ ਲੋਕਾਂ ਦੀ ਮਦਦ ਨਾਲ ਕੀਤੀ ਇਹ ਕਾਰਵਾਈ ਬਹੁਤ ਹੀ ਘਟਿਆ ਹੈ।”

ਉਨ੍ਹਾਂ ਕੈਪਟਨ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ, “ਅਸੀਂ ਦਿਲੋਂ ਧੰਨਵਾਦੀ ਹਾਂ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ, ਮਹਾਰਾਣੀ ਪ੍ਰਨੀਤ ਕੌਰ, ਬੀਬਾ ਜੈ ਇੰਦਰ ਕੌਰ ਜੀ ਅਤੇ ਸਮੂਹ ਪਰਿਵਾਰ ਦੇ ਜੋ ਲੋੜ ਪੈਣ ਤੇ ਹਰ ਵਕਤ ਸਾਡੇ ਨਾਲ ਖੜੇ ਹਨ ਅਤੇ ਅੱਜ ਵੀ ਇਕ ਅਵਾਜ਼ ਤੇ ਬੀਬਾ ਜੀ ਸਾਡਾ ਸਾਥ ਦੇਣ ਏਥੇ ਆਏ, ਅਤੇ ਇਨ੍ਹਾਂ ਹੀ ਨਹੀਂ ਇਨ੍ਹਾਂ ਨੇ ਸਾਡਾ ਮੁੱਦਾ ਦੇਸ਼ ਦੇ ਗ੍ਰਹਿ ਮੰਤਰੀ ਕੋਲ ਵੀ ਚੁੱਕਿਆ।”

ਇਸ ਮੌਕੇ ਭਾਜਪਾ ਦੀ ਸਮੂਹ ਟੀਮ ਸਹਿਤ ਮਹੰਤ ਮੁਖੀਆ ਮਹੰਤ ਪਿਆਰਾ ਸਿੰਘ, ਮਹੰਤ ਹਰਦੇਵ ਸਿੰਘ, ਮਹੰਤ ਪਰਮਿੰਦਰ ਸਿੰਘ, ਮਹੰਤ ਆਤਮ ਰਾਮ, ਮਹੰਤ ਬਾਬੂ ਸਿੰਘ, ਮਹੰਤ ਸਤਨਾਮ ਸਿੰਘ, ਮਹੰਤ ਅਜਾਇਬ ਸਿੰਘ, ਕੇ ਕੇ ਮਲਹੋਤਰਾ, ਸੰਜੀਵ ਸ਼ਰਮਾ ਬਿੱਟੂ, ਕੇ ਕੇ ਸ਼ਰਮਾ, ਸੁਖਵਿੰਦਰ ਕੌਰ ਨੌਲੱਖਾ, ਟੋਨੀ ਬਿੰਦਰਾ, ਸੰਨੀ ਲਾਂਬਾ ਆਦਿ ਹਾਜ਼ਰ ਸਨ।



Scroll to Top