ਨੈਸ਼ਨਲ ਥੀਏਟਰ ਫੈਸਟੀਵਲ ਦੇ ਪਹਿਲੇ ਦਿਨ ਨਾਟਕ ‘ਰੱਬ ਦੀ ਬੁੱਕਲ’ ਦਾ ਸਫਲ ਮੰਚਨ

ਦੁਆਰਾ: Punjab Bani ਪ੍ਰਕਾਸ਼ਿਤ :Thursday, 07 November, 2024, 07:30 PM

ਨੈਸ਼ਨਲ ਥੀਏਟਰ ਫੈਸਟੀਵਲ ਦੇ ਪਹਿਲੇ ਦਿਨ ਨਾਟਕ ‘ਰੱਬ ਦੀ ਬੁੱਕਲ’ ਦਾ ਸਫਲ ਮੰਚਨ
-ਅਦਾਕਾਰਾ ਅਤੇ ਨਿਰਮਾਤਾ ਪਰਮਿੰਦਰ ਪਾਲ ਕੌਰ ਦੀ ਪੇਸ਼ਕਾਰੀ ਨੇ ਸਰੋਤੇ ਕੀਤੇ
-ਮੁੱਖ ਮਹਿਮਾਨ ਵਜੋਂ ਜਸਟਿਸ ਜਸਪਾਲ ਸਿੰਘ, ਜਸਟਿਸ ਹਰਪਾਲ ਸਿੰਘ ਅਤੇ ਗੁਰਜੀਤ ਸਿੰਘ ਓਬਰਾਏ ਨੇ ਕੀਤੀ ਸ਼ਮੂਲੀਅਤ
-ਐਨ. ਜੈਡ. ਸੀ. ਸੀ. ਦੇ ਕਾਲੀਦਾਸਾ ਆਡੀਟੋਰੀਅਮ ਵਿਖੇ ਆਯੋਜਿਤ ਹੋ ਰਹੇ ਨਾਟਕ
ਪਟਿਆਲਾ : ਉੱਤਰ ਖੇਤਰ ਸੱਭਿਆਚਾਰਕ ਕੇਂਦਰ (ਐੱਨ. ਜੈੱਡ. ਸੀ. ਸੀ.) ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਕਲਾਕ੍ਰਿਤੀ ਪਟਿਆਲਾ ਦੇ ਸਹਿਯੋਗ ਨਾਲ ਕਾਲੀਦਾਸਾ ਆਡੀਟੋਰੀਅਮ, ਵਿਰਸਾ ਵਿਹਾਰ ਕੇਂਦਰ ਪਟਿਆਲਾ ਵਿਖੇ ਹਫਤਾ ਭਰ ਚੱਲਣ ਵਾਲੇ ਸਵ. ਪ੍ਰੀਤਮ ਸਿੰਘ ਓਬਰਾਏ ਯਾਦਗਾਰੀ ਨੈਸ਼ਨਲ ਥੀਏਟਰ ਫੈਸਟੀਵਲ ਦਾ ਸ਼ਾਨਦਾਰ ਆਗਾਜ਼ ਵੀਰਵਾਰ ਨੂੰ ਸ਼ਾਮ 6 ਵਜੇ ਕੀਤਾ ਗਿਆ । ਫੈਸਟੀਵਲ ਦੇ ਪਹਿਲੇ ਦਿਨ ਮੁੱਖ ਮਹਿਮਾਨ ਵਜੋਂ ਜਸਟਿਸ ਜਸਪਾਲ ਸਿੰਘ, ਜਸਟਿਸ ਹਰਪਾਲ ਸਿੰਘ ਅਤੇ ਗੁਰਜੀਤ ਸਿੰਘ ਓਬਰਾਏ ਨੇ ਸ਼ਮੂਲੀਅਤ ਕੀਤੀ । 7 ਨਵੰਬਰ ਨੂੰ ਪਹਿਲੇ ਸੈਸ਼ਨ ਵਿੱਚ ਅਰਸ਼ਦੀਪ ਕੌਰ ਭੱਟੀ ਵੱਲੋਂ ਕੱਥਕ ਡਾਂਸ ਦੀ ਸਫਲ ਪੇਸ਼ਕਾਰੀ ਦਿੱਤੀ ਗਈ। ਇਸ ਮਗਰੋਂ ਦੂਜੇ ਸੈਸ਼ਨ ਵਿੱਚ ਨਾਟਕ ‘ਰੱਬ ਦੀ ਬੁੱਕਲ’ ਦਾ ਸਫਲ ਮੰਚਨ ਕੀਤਾ ਗਿਆ । ਜਿਸ ਦੇ ਨਿਰਦੇਸ਼ਕ ਵਿਨੋਦ ਕੌਸ਼ਲ ਸਨ । ਇਹ ਨਾਟਕ ਲੇਖਕਾ ਵੀਨਾ ਵਰਮਾ ਦੀ ਕਹਾਣੀ ‘ਰਜਾਈ’ ’ਤੇ ਅਧਾਰਿਤ ਹੈ। ਉਕਤ ਨਾਟਕ ਵਿੱਚ ਜਿਨ੍ਹਾਂ ਔਰਤਾਂ ਦੇ ਪਤੀ ਵਿਦੇਸ਼ ਗਏ ਹੁੰਦੇ ਹਨ, ਉਨ੍ਹਾਂ ਔਰਤਾਂ ਦੀ ਵਿੱਥਿਆ ਬਾਰੇ ਦੱਸਿਆ ਗਿਆ ਹੈ । ਇਸ ਨਾਟਕ ਵਿਚਲੇ ਵੱਖ-ਵੱਖ ਕਿਰਦਾਰ ਅਦਾਕਾਰ ਅਤੇ ਨਿਰਮਾਤਾ ਪਰਮਿੰਦਰ ਪਾਲ ਕੌਰ ਵੱਲੋਂ ਬਾਖੂਬੀ ਨਿਭਾਏ ਗਏ । ਪਰਮਿੰਦਰ ਪਾਲ ਕੌਰ ਹੁਰਾਂ ਦੀ ਲਾਜਵਾਬ ਪੇਸ਼ਕਾਰੀ ਦੇਖ ਸਰੋਤੇ ਕੀਲੇ ਗਏ ।
ਇਸ ਫੈਸਟੀਵਲ ਦੇ ਨਿਰਦੇਸ਼ਕ ਅਤੇ ਪ੍ਰਸਿੱਧ ਥੀਏਟਰ ਨਿਰਦੇਸ਼ਕ, ਅਦਾਕਾਰ ਅਤੇ ਨਿਰਮਾਤਾ ਪਰਮਿੰਦਰ ਪਾਲ ਕੌਰ ਨੇ ਦੱਸਿਆ ਕਿ ਅੱਜ 8 ਨਵੰਬਰ ਨੂੰ ਨਾਟਕ ‘ਬੁੱਢਾ ਮਾਰ ਗਿਆ’ ਦਾ ਮੰਚਨ ਕੀਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਇਸ ਫੈਸਟੀਵਲ ਵਿੱਚ ਵੱਖ-ਵੱਖ ਛੇ ਰਾਜਾਂ ਤੋਂ 125 ਤੋਂ ਵੱਧ ਪ੍ਰਸਿੱਧ ਕਲਾਕਾਰ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਣਗੇ । ਉਨ੍ਹਾਂ ਕਿਹਾ ਕਿ ਇਸ ਤਰਾਂ ਦੇ ਫੈਸਟੀਵਲ ਆਯੋਜਿਤ ਕੀਤੇ ਜਾਣ ਨਾਲ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਵੀਂ ਸੇਧ ਮਿਲਦੀ ਹੈ । ਉਨ੍ਹਾਂ ਅੱਗੇ ਕਿਹਾ ਕਿ ਇੰਨੀ ਵੱਡੀ ਗਿਣਤੀ ਵਿੱਚ ਕਲਾਕਾਰਾਂ ਦਾ ਪਹੁੰਚਣਾ ਬਹੁਤ ਵੱਡੀ ਗੱਲ ਹੈ, ਇਸ ਲਈ ਸਮੂਹ ਪਟਿਆਲਵੀਆਂ ਨੂੰ ਇਸ ਨੈਸ਼ਨਲ ਥੀਏਟਰ ਫੈਸਟੀਵਲ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨੀ ਚਾਹੀਦੀ ਹੈ । ਅਦਾਕਾਰ ਅਤੇ ਨਿਰਮਾਤਾ ਪਰਮਿੰਦਰ ਪਾਲ ਕੌਰ ਨੇ ਅੱਗੇ ਦੱਸਿਆ ਕਿ ਇਸ ਨੈਸ਼ਨਲ ਥੀਏਟਰ ਫੈਸਟੀਵਲ ’ਚ ਸ਼ਮੂਲੀਅਤ ਕਰ ਰਹੇ ਕਲਾਕਾਰਾਂ ਦੇ ਰਹਿਣ ਸਹਿਣ, ਖਾਣ-ਪੀਣ, ਠਹਿਰਣ ਆਦਿ ਦਾ ਪ੍ਰਬੰਧ ਕਲਾਕ੍ਰਿਤੀ ਪਟਿਆਲਾ ਵੱਲੋਂ ਕੀਤਾ ਗਿਆ ਗਿਆ ਹੈ । ਇਸ ਮੌਕੇ ਕਲਾਕ੍ਰਿਤੀ ਦੇ ਚੇਅਰਮੈਨ ਮਨਜੀਤ ਸਿੰਘ ਨਾਰੰਗ (ਸਾਬਕਾ ਆਈ. ਏ. ਐਸ.), ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ, ਪ੍ਰਧਾਨ ਅਵਤਾਰ ਸਿੰਘ ਅਰੋੜਾ, ਉਪ ਪ੍ਰਧਾਨ ਸਤਿੰਦਰਪਾਲ ਕੌਰ, ਜਨਰਲ ਸਕੱਤਰ ਅਤੇ ਡਾਇਰੈਕਟਰ ਪਰਮਿੰਦਰਪਾਲ ਕੌਰ, ਸਟੇਜ ਐਡਵਾਈਜਰ ਪ੍ਰੋ. ਮੰਜੂ ਅਰੋੜਾ, ਫਾਈਨਾਂਸ ਸੈਕਟਰੀ ਪ੍ਰੋ. ਜੀਵਨ ਬਾਲਾ, ਆਰਗੇਨਾਈਜਿੰਗ ਸੈਕਟਰੀ ਇੰਜੀ. ਐਮ. ਐਮ. ਸਿਆਲ, ਲੀਗਲ ਐਡਵਾਈਜਰ ਐਡਵੋਕੇਟ ਬੀ.ਐਸ. ਬਿਲਿੰਗ, ਮੀਡੀਆ ਐਡਵਾਈਜਰ ਉਜਾਗਰ ਸਿੰਘ, ਪ੍ਰੋ. ਕਿਰਪਾਲ ਕਜਾਕ ਅਤੇ ਪ੍ਰੋ. ਐਸ. ਸੀ. ਸ਼ਰਮਾ ਸਮੇਤ ਹੋਰ ਸਖਸ਼ੀਅਤਾਂ ਹਾਜਰ ਸਨ ।