ਸੱਤ ਦਿਨਾਂ ਨੈਸ਼ਨਲ ਥੀਏਟਰ ਫੈਸਟੀਵਲ ਦੀ ਸ਼ਾਨਦਾਰ ਸ਼ੁਰੂਆਤ ।"ਰੱਬ ਦੀ ਬੁੱਕਲ "ਦਾ ਦਰਸ਼ਕਾਂ ਨੇ ਮਾਣਿਆ ਨਿਘ

ਸੱਤ ਦਿਨਾਂ ਨੈਸ਼ਨਲ ਥੀਏਟਰ ਫੈਸਟੀਵਲ ਦੀ ਸ਼ਾਨਦਾਰ ਸ਼ੁਰੂਆਤ ।”ਰੱਬ ਦੀ ਬੁੱਕਲ “ਦਾ ਦਰਸ਼ਕਾਂ ਨੇ ਮਾਣਿਆ ਨਿਘ
ਕਲਾ ਕ੍ਰਿਤੀ ਪਟਿਆਲਾ ਵੱਲੋਂ ਪੇਸ਼ ਕੀਤੇ ਗਏ ਨਾਟਕ ਵਿੱਚ ਪਰਮਿੰਦਰ ਪਾਲ ਕੌਰ ਦੀ ਦਮਦਾਰ ਅਦਾਕਾਰੀ
ਪਟਿਆਲਾ : ਕਲਾਕ੍ਰਿਤੀ ਪਟਿਆਲਾ ਅਤੇ ਐਸ ਡੀ ਵੀ ਸੀ. ਟੀ. ਵੱਲੋਂ ਨੌਰਥ ਜੋਨ ਕਲਚਰਲ ਸੈਂਟਰ ਪਟਿਆਲਾ ਦੇ ਸਹਿਯੋਗ ਨਾਲ ਸੱਤ ਰੋਜ਼ਾ ਨੈਸ਼ਨਲ ਥੀਏਟਰ ਫੈਸਟੀਵਲ ਅੱਜ ਤੋਂ ਧੂਮ ਧੜੱਕੇ ਨਾਲ ਕਾਲੀਦਾਸ ਆਡਿਟੋਰੀਅਮ ਵਿਰਸਾ ਵਿਹਾਰ ਕੇਂਦਰ ਪਟਿਆਲਾ ਵਿਖੇ ਨਾਟਕ “ਰੱਬ ਦੀ ਬੁੱਕਲ” ਨਾਲ ਸ਼ੁਰੂ ਕੀਤਾ ਗਿਆ, ਜਿਸ ਵਿੱਚ ਸੋਲੋ ਨਾਟਕ ਦਾ ਦਰਸ਼ਕਾਂ ਨੇ ਪੂਰਾ ਨਿੱਘ ਮਾਣਿਆ । ਪੰਜਾਬੀ ਕਹਾਣੀ ਵਿੱਚ ਆਧੁਨਿਕ ਕਹਾਣੀਕਾਰਾਂ ਦੀ ਪਹਿਲੀ ਕਤਾਰ ਵਿੱਚ ਸ਼ਾਮਿਲ ਵੀਨਾ ਵਰਮਾ ਦੀ “ਰਜਾਈ” ਕਹਾਣੀ ਦਾ ਨਾਟਕੀ ਰੂਪ ਹੈ।ਜਿਸਨੂੰ ਕਲਾਕ੍ਰਿਤੀ ਪਟਿਆਲਾ ਵੱਲੋਂ ਬਹੁਤ ਹੀ ਸ਼ਾਨਦਾਰ ਢੰਗ ਨਾਲ ਵਿਨੋਦ ਕੌਸ਼ਲ ਦੀ ਨਿਰਦੇਸ਼ਨਾ ਹੇਠ ਮੰਚਿਤ ਕੀਤਾ । ਨਾਟਕ ਰਾਹੀ ਕਲਾਕ੍ਰਿਤੀ ਨੇ ਜਿੱਥੇ ਸਮਾਜ ਦੇ ਕੌੜੇ ਸੱਚ ਨੂੰ ਨੰਗਾ ਕੀਤਾ ਉਥੇ ਕੋਮਲ ਇਨਸਾਨੀ ਜਜ਼ਬੇ ਦੀ ਅਸਲ ਤਸਵੀਰ ਵੀ ਪੇਸ਼ ਕੀਤੀ ਗਈ। ਇਸ ਨਾਟਕ ਵਿਚਲੇ ਸੰਵਾਦ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ “ਇਕੱਲੇ ਬੰਦੇ ਦੀ ਵੀ ਕੀ ਜੂਨ ਹੈ, ਜੇ ਤੀਵੀ ਨਾ ਹੋਵੇ ਤਾਂ ਬੰਦਾ ਕੀੜੇ ਪੈ ਕੇ ਮਰਜੇ। ਕਿਉਂਕਿ ਰੱਬ ਨੇ ਔਰਤ ਨੂੰ ਬੇਸਿਕਲੀ ਬੰਦੇ ਦੀ ਮਾਂ ਬਣਾ ਕੇ ਭੇਜਿਆ, ਜਿਹੜੀ ਸਾਰੀ ਉਮਰ ਉਸਦੀ ਦੇਖਭਾਲ ਕਰਦੀ ਹੈ ਕਦੇ ਮਾਂ ਬਣ ਕੇ -ਕਦੇ ਭੈਣ ਬਣ ਕੇ ਤੇ ਕਦੇ ਤੀਵੀਂ ਬਣ ਕੇ। ਪਰ ਬੰਦਾ ਨਾ ਸ਼ੁਕਰਿਆ ਅੱਗਿਓ ਇਸ ਬੇਜਵਾਨ ਤੇ ਜੁਲਮ ਕਰਦਾ ਹੈ “ਅਜਿਹੇ ਸੰਵਾਦ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ ਪਰਮਿੰਦਰ ਪਾਲ ਕੌਰ ਜੋ ਕਿ ਰੰਗ ਮੰਚ ਦੀ ਉੱਘੀ ਅਭਿਨੇਤਰੀ,ਅਦਾਕਾਰਾ, ਨਿਰਦੇਸ਼ਕ ਅਤੇ ਨਿਰਮਾਤਾ ਹੈ । ਉਸਨੇ ਆਪਣੇ ਕਿਰਦਾਰ ਨਾਲ ਪੂਰਾ ਇਨਸਾਫ ਕਰਦਿਆਂ ਇਸ ਨਾਟਕ ਰਾਹੀ ਨਾਟਕ ਮੇਲੇ ਦੀ ਸ਼ਾਨਦਾਰ ਸ਼ੁਰੂਆਤ ਕਰਵਾਈ । ਨਾਟਕ ਨੂੰ ਸਫਲ ਬਣਾਉਣ ਵਿੱਚ ਮੰਚ ਰੋਸ਼ਨੀ ਦੀ ਬਹੁਮੁੱਲੀ ਤਕਨੀਕ ਨੇ ਵੀ ਬਹੁਤ ਵੱਡਾ ਕੰਮ ਕੀਤਾ ਜਿਸ ਵਿੱਚ ਵਿਨੋਦ ਕੌਸ਼ਲ ਅਤੇ ਹਰਸ਼ ਸੇਠੀ ਦੀ ਟੀਮ ਨੇ ਨਾਟਕ ਨੂੰ ਚਾਰ ਚੰਨ ਲਾਏ । ਹਰਜੀਤ ਗੁਡੂ ਨੂੰ ਦੇ ਸੰਗੀਤ ਅਤੇ ਡਾਕਟਰ ਹਰਿੰਦਰ ਦੀ ਗਾਇਕੀ ਨੇ ਨਾਟਕ ਨੂੰ ਬਿਲਕੁਲ ਹੀ ਸ਼ਿਖਰ ਤੇ ਪਹੁੰਚਾ ਦਿੱਤਾ । ਨਾਟਕ ਤੋਂ ਪਹਿਲਾ ਕਥਕ ਨਿਰਤ ਰਾਹੀ ਵੀ ਨੇਸ਼ਨਲ ਐਵਾਰਡ ਜੇਤੂ ਅਰਸ਼ਦੀਪ ਕੌਰ ਭੱਟੀ ਨੇ ਆਪਣੀ ਅਦਾਕਾਰੀ ਰਾਹੀ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ ਉਹਦੇ ਪੈਰਾਂ ਦੀ ਘੁੰਗਰੂਆਂ ਦੀ ਆਵਾਜ਼ ਅਤੇ ਹੋਰ ਬਹੁਤ ਸਾਰੀਆਂ ਅਦਾਵਾ ਨੇ ਦਰਸ਼ਕਾਂ ਦਾ ਮਨ ਜਿੱਤ ਲਿਆ ।
