ਐਸ. ਡੀ. ਐਮ. ਵਿਕਾਸ ਹੀਰਾ ਵੱਲੋਂ ਨੋਡਲ ਅਫਸਰਾਂ ਨੂੰ ਪਿੰਡਾਂ ਵਿੱਚ ਚੌਕਸੀ ਵਧਾਉਣ ਦੀ ਹਦਾਇਤ

ਐਸ. ਡੀ. ਐਮ. ਵਿਕਾਸ ਹੀਰਾ ਵੱਲੋਂ ਨੋਡਲ ਅਫਸਰਾਂ ਨੂੰ ਪਿੰਡਾਂ ਵਿੱਚ ਚੌਕਸੀ ਵਧਾਉਣ ਦੀ ਹਦਾਇਤ
ਪਰਾਲੀ ਸਾੜਨ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਜਾਗਰੂਕ ਕਰਨ ਲਈ ਨਿਯਮਤ ਦੌਰੇ ਜਾਰੀ ਰੱਖੇ ਜਾਣ : ਵਿਕਾਸ ਹੀਰਾ
ਧੂਰੀ/ਸੰਗਰੂਰ, 8 ਨਵੰਬਰ : ਉਪ ਮੰਡਲ ਮੈਜਿਸਟਰੇਟ ਧੂਰੀ ਵਿਕਾਸ ਹੀਰਾ ਨੇ ਧੂਰੀ ਅਤੇ ਸ਼ੇਰਪੁਰ ਵਿਖੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਕਰਨ ਲਈ ਪ੍ਰੇਰਿਤ ਕਰਨ ਵਾਲੀਆਂ ਵੱਖ-ਵੱਖ ਚੌਕਸੀ ਟੀਮਾਂ ਵਿੱਚ ਸ਼ਾਮਿਲ ਅਧਿਕਾਰੀਆਂ ਨਾਲ ਹੁਣ ਤੱਕ ਦੀ ਕਾਰਵਾਈ ਬਾਰੇ ਸਮੀਖਿਆ ਮੀਟਿੰਗ ਕਰਦਿਆਂ ਆਦੇਸ਼ ਦਿੱਤੇ ਕਿ ਚੌਕਸੀ ਅਤੇ ਜਾਗਰੂਕਤਾ ਪੱਖੋਂ ਕਿਸੇ ਕਿਸਮ ਦੀ ਅਣਗਹਿਲੀ ਨਾ ਵਰਤੀ ਜਾਵੇ । ਐਸ. ਡੀ. ਐਮ. ਵਿਕਾਸ ਹੀਰਾ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਵਧੀਕ ਡਿਪਟੀ ਕਮਿਸ਼ਨਰ ਅਮਿਤ ਬੈਂਬੀ ਲਗਾਤਾਰ ਸਬ ਡਵੀਜ਼ਨ ਧੂਰੀ ਵਿੱਚ ਖੁਦ ਵੀ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਬਾਰੇ ਪ੍ਰੇਰਿਤ ਕਰਨ ਲਈ ਸਮੇਂ ਸਮੇਂ ਤੇ ਦੌਰਾ ਕਰ ਰਹੇ ਹਨ ਅਤੇ ਸਬ ਡਵੀਜ਼ਨ ਵਿੱਚ ਤੈਨਾਤ ਕੀਤੇ ਗਏ ਸਮੂਹ ਕਲਸਟਰ ਅਫਸਰ, ਨੋਡਲ ਅਫਸਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਅਤੇ ਜਿੰਮੇਵਾਰੀ ਨਾਲ ਨਿਭਾਉਣ ਅਤੇ ਹਰ ਕਿਸਾਨ ਤੱਕ ਰਾਬਤਾ ਕਾਇਮ ਕਰਕੇ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕੀਤਾ ਜਾਵੇ । ਮੀਟਿੰਗ ਵਿੱਚ ਸ਼ੇਰਪੁਰ ਅਤੇ ਧੂਰੀ ਦੇ ਸਮੂਹ ਅਧਿਕਾਰੀ ਸ਼ਾਮਿਲ ਹੋਏ ਜਿਨ੍ਹਾਂ ਨੇ ਵਿਸ਼ਵਾਸ ਦਵਾਇਆ ਕਿ ਉਹ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਉਣਗੇ ।
