ਐਸ. ਡੀ. ਐਮ. ਸੂਬਾ ਸਿੰਘ ਦੀ ਅਗਵਾਈ ਹੇਠ ਲਹਿਰਾ ਅਤੇ ਮੂਣਕ ਵਿਖੇ ਜਾਗਰੂਕਤਾ ਮੁਹਿੰਮ ਜੋਸ਼ੋ ਖਰੋਸ਼ ਨਾਲ ਜਾਰੀ

ਐਸ. ਡੀ. ਐਮ. ਸੂਬਾ ਸਿੰਘ ਦੀ ਅਗਵਾਈ ਹੇਠ ਲਹਿਰਾ ਅਤੇ ਮੂਣਕ ਵਿਖੇ ਜਾਗਰੂਕਤਾ ਮੁਹਿੰਮ ਜੋਸ਼ੋ ਖਰੋਸ਼ ਨਾਲ ਜਾਰੀ
ਐਸ. ਡੀ. ਐਮ. ਸੂਬਾ ਸਿੰਘ ਨੇ ਲਹਿਰਾ ਵਿਖੇ ਡੀ. ਐਸ. ਪੀ. ਦੀਪਇੰਦਰਪਾਲ ਸਿੰਘ ਜੇਜੀ ਅਤੇ ਮੂਣਕ ਵਿਖੇ ਡੀ. ਐਸ. ਪੀ. ਪਰਮਿੰਦਰ ਸਿੰਘ ਸਮੇਤ ਦਰਜਨਾਂ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਕੀਤਾ ਪਰਾਲੀ ਪ੍ਰਬੰਧਨ ਲਈ ਪ੍ਰੇਰਿਤ
ਲਹਿਰਾ/ਮੂਣਕ, 8 ਨਵੰਬਰ : ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਲਹਿਰਾਗਾਗਾ ਅਤੇ ਮੂਣਕ ਦੇ ਐਸ. ਡੀ. ਐਮ. ਸੂਬਾ ਸਿੰਘ ਨੇ ਅੱਜ ਦੋਵੇਂ ਹੀ ਸਬ ਡਵੀਜ਼ਨਾਂ ਦੇ ਵੱਡੀ ਗਿਣਤੀ ਪਿੰਡਾਂ ਵਿੱਚ ਦੌਰਾ ਕਰਕੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਪ੍ਰੇਰਿਤ ਕੀਤਾ । ਸੂਬਾ ਸਿੰਘ ਨੇ ਦੱਸਿਆ ਕਿ ਇਹ ਮੁਹਿੰਮ ਪਿਛਲੇ ਕਈ ਹਫਤਿਆਂ ਤੋਂ ਜਾਰੀ ਹੈ ਅਤੇ ਪਿਛਲੇ ਸਾਲਾਂ ਨਾਲੋਂ ਇਸ ਵਾਰ ਕਿਸਾਨ ਪਰਾਲੀ ਸਾੜਨ ਦੇ ਰੁਝਾਨ ਨੂੰ ਘਟਾਉਣ ਵਿੱਚ ਮਦਦਗਾਰ ਸਾਬਤ ਹੋ ਰਹੇ ਹਨ । ਉਹਨਾਂ ਕਿਹਾ ਕਿ ਪ੍ਰਸ਼ਾਸਨਿਕ ਅਤੇ ਪੁਲਿਸ ਉੱਤੇ ਅਧਾਰਤ ਵੱਖ-ਵੱਖ ਚੌਕਸੀ ਟੀਮਾਂ ਸਾਰਾ ਦਿਨ ਹੀ ਹਰ ਖੇਤ ਵਿੱਚ ਪਹੁੰਚ ਕਰਕੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕਰ ਰਹੀਆਂ ਹਨ ਤਾਂ ਜੋ ਵਾਤਾਵਰਨ ਨੂੰ ਗੰਧਲਾ ਹੋਣ ਤੋਂ ਬਚਾਇਆ ਜਾ ਸਕੇ । ਐਸ. ਡੀ. ਐਮ. ਸੂਬਾ ਸਿੰਘ ਨੇ ਸਬ ਡਿਵੀਜ਼ਨ ਮੂਨਕ ਵਿੱਚ ਡੀਐਸਪੀ ਪਰਮਿੰਦਰ ਸਿੰਘ ਸਮੇਤ ਪਿੰਡ ਸਲੇਮਗੜ੍ਹ, ਹਮੀਰਗੜ੍ਹ, ਮਕਰੋੜ ਸਾਹਿਬ, ਮੰਡਵੀ, ਬੰਗਾ, ਬਸ਼ਹਿਰਾ ਆਦਿ ਕਈ ਪਿੰਡਾਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਨੁਕਸਾਨਾਂ ਬਾਰੇ ਜਾਣਕਾਰੀ ਦਿੱਤੀ। ਇਸ ਤਰ੍ਹਾਂ ਉਹਨਾਂ ਨੇ ਸਬ ਡਿਵੀਜ਼ਨ ਲਹਿਰਾ ਵਿਖੇ ਡੀ. ਐਸ. ਪੀ. ਦੀਪ ਇੰਦਰ ਪਾਲ ਸਿੰਘ ਜੇਜੀ ਦੇ ਸਹਿਯੋਗ ਨਾਲ ਪਿੰਡ ਜਵਾਹਰਵਾਲਾ, ਰਾਮਗੜ੍ਹ ਸੰਧੂਆਂ, ਸੇਖੂਵਾਸ, ਗਾਗਾ, ਹਰਿਆਊ, ਡਸਕਾ, ਫਤਿਹਗੜ੍ਹ, ਕਾਲ ਵੰਜਾਰਾ ਆਦਿ ਪਿੰਡਾਂ ਵਿੱਚ ਜਾਗਰੂਕਤਾ ਮੁਹਿੰਮ ਭਖਾਈ ਰੱਖੀ ਅਤੇ ਹਰ ਕਿਸਾਨ ਤੱਕ ਰਾਬਤਾ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਉਪਲਬਧ ਕਰਵਾਈਆਂ ਮਸ਼ੀਨਾਂ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ।
