ਭਾਰਤੀ ਕਿਸਾਨ ਯੂਨੀਅਨ ਨੇ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਅੱਗੇ ਕੀਤੀ ਨਾਅਰੇਬਾਜ਼ੀ

ਰੋਸ਼ਮਈ ਧਰਨਾ ਦੇ ਕੇ ਅਧਿਕਾਰੀਆਂ ਨੂੰ ਸੌਂਪੇ ਮੰਗ ਪੱਤਰ
– ਪੰਜਾਬ ਸਰਕਾਰ ਮੰਗਾਂ ਮੰਨਣ ਦੀ ਥਾਂ ਕਾਰਪੋਰੇਟ ਘਰਾਣਿਆਂ ਦੇ ਹੱਕ ‘ਚ ਹੈ ਖੜੀ : ਆਗੂ
ਪਟਿਆਲਾ, 19 ਜੂਨ :
ਭਾਰਤੀ ਕਿਸਾਨ ਯੂਨੀਅਨ ਏਕਤਾ (ਅਜ਼ਾਦ) ਵੱਲੋਂ ਕਿਸਾਨਾਂ ਮਜ਼ਦੂਰਾਂ ਤੇ ਨੌਜਵਾਨਾਂ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਬੀਬੀਆਂ ਵੱਲੋਂ ਮਨਜੀਤ ਸਿੰਘ ਨਿਆਲ ਦੀ ਅਗਵਾਈ ਹੇਠ ਜਿਲਾ ਪਟਿਆਲਾ ਦੇ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਅੱਗੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ਼ਮਈ ਧਰਨਾ ਦਿੱਤਾ ਗਿਆ।
ਇਸ ਮੌਕੇ ਸੂਬਾ ਆਗੂ ਗੁਰਦੇਵ ਸਿੰਘ ਗੱਜੂਮਾਜਰਾ, ਕਰਨੈਲ ਸਿੰਘ ਲੰਗ, ਗੁਰਪ੍ਰੀਤ ਕੌਰ ਬਰਾਸ ਅਤੇ ਦਵਿੰਦਰ ਕੌਰ ਹਰਦਾਸਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਮੰਨਣ ਦੀ ਥਾਂ ਕਾਰਪੋਰੇਟ ਘਰਾਣਿਆਂ ਦੇ ਪੱਖ ਵਿੱਚ ਖੜੀ ਹੈ। ਭਾਰਤ ਮਾਲਾ ਪ੍ਰੋਜੈਕਟ ਅਧੀਨ ਸਹਿਮਤੀ ਲਏ ਬਿਨਾਂ ਤੇ ਮੁਆਵਜ਼ਾ ਦਿੱਤੇ ਬਿਨਾਂ ਜ਼ਮੀਨਾਂ ਅਕਵਾਇਰ ਕੀਤੀਆਂ ਜਾ ਰਹੀਆਂ ਹਨ ਤੇ ਜ਼ਬਰੀ ਪਾਇਪ ਲਾਇਨਾਂ ਖ਼ੇਤਾਂ ਵਿੱਚ ਪਾਈਆਂ ਜਾ ਰਹੀਆਂ ਹਨ। ਅਬਾਦਕਾਰਾਂ ਨੂੰ ਮਾਲਕੀ ਹੱਕ ਦੇਣ ਵਾਲੀ ਮੰਨੀ ਹੋਈ ਮੰਗ ਤੋਂ ਪਾਸਾ ਵੱਟਦਿਆਂ ਜ਼ਬਰੀ ਜ਼ਮੀਨਾਂ ਖੋਹੀਆਂ ਜਾ ਰਹੀਆਂ ਹਨ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਸਹਿਮਤੀ ਲਏ ਬਿਨਾਂ ਜ਼ਬਰੀ ਜ਼ਮੀਨਾਂ ਖੋਹਣ ਤੇ ਪਾਇਪ ਲਾਈਨਾਂ ਪਾਉਣ ਦਾ ਕੰਮ ਤੁਰੰਤ ਬੰਦ ਕਰੇ ਤੇ ਵਾਹੀਯੋਗ ਸਾਰੇ ਰਕਬੇ ਨੂੰ ਨਹਿਰੀ ਪਾਣੀ ਪਹੁੰਚਾਣ ਲਈ ਸਰਕਾਰੀ ਖਰਚੇ ਤੇ ਜ਼ਮੀਨ ਦੋਜ਼ ਪਾਈਪਾਂ ਪਾ ਕੇ ਹਰ ਖੇਤ ਵਿੱਚ ਨਹਿਰੀ ਪਾਣੀ ਪਹੁੰਚਦਾ ਕੀਤਾ ਜਾਵੇ ਤੇ ਨਹਿਰੀ ਪਾਣੀ ਦੀ ਮਾਤਰਾ ਦੁੱਗਣੀਂ ਕੀਤੀ ਜਾਵੇ।
ਇਸੇ ਤਰ੍ਹਾਂ ਧਰਤੀ ਹੇਠਲੇ ਪਾਣੀ ਦਾ ਪੱਧਰ ਉੱਚਾ ਚੁੱਕਣ ਲਈ ਮੀਂਹ ਦੇ ਪਾਣੀ ਨੂੰ ਸੰਭਾਲ ਕੇ ਧਰਤੀ ਹੇਠ ਰੀਚਾਰਜ਼ ਕਰਨ ਲਈ ਪੁਖਤਾ ਪ੍ਰਬੰਧ ਕੀਤੇ ਜਾਣ। ਦਰਿਆਵਾ ,ਨਦੀਆਂ, ਨਹਿਰਾਂ ਤੇ ਰਜਵਾਹਿਆਂ ਸਮੇਤ ਧਰਤੀ ਹੇਠਲੇ ਪਾਣੀਆਂ ਵਿੱਚ ਜ਼ਹਿਰ ਮਿਲਾ ਰਹੇ ਸਾਰੇ ਅਦਾਰਿਆਂ ਨੂੰ ਰੋਕਣ ਲਈ ਸਰਕਾਰ ਪੁਖਤਾ ਪ੍ਰਬੰਧ ਯਕੀਨੀ ਬਣਾਵੇ ਤੇ ਹੋਰ ਮੰਗਾਂ ਮੰਨੀਆਂ ਜਾਣ। ਅੱਜ ਦੇ ਧਰਨੇ ਵਿਚ ਚਮਕੌਰ ਸਿੰਘ ਭੇਡਪੁਰਾ, ਜਸਵੰਤ ਸਿੰਘ ਸਦਰਪੁਰ, ਬਲਕਾਰ ਸਿੰਘ ਤਰੌੜਾ ਖੁਰਦ, ਗੁਰਵਿਦਰ ਸਿੰਘ ਸਦਰਪੁਰ, ਤੇਜਿੰਦਰ ਸਿੰਘ ਰਾਜਗੜ੍ਹ, ਸੁਖਪ੍ਰੀਤ ਸਿੰਘ ਚੂਹੜਪੁਰ ਕਲਾਂ, ਭੀਮ ਸਿੰਘ ਗੱਜੂਮਾਜਰਾ, ਭਗਵੰਤ ਸਿੰਘ ਸਦਰਪੁਰ, ਗੁਰਬਿੰਦਰ ਸਿੰਘ ਬੀਬੀਪੁਰ, ਬਲਜਿੰਦਰ ਸਿੰਘ ਭੇਡਪੁਰਾ ਯਾਦਵਿੰਦਰ ਸਿੰਘ ਫਤਿਹਪੁਰ, ਗਮਦੂਰ ਸਿੰਘ ਬਾਬਰਪੁਰ, ਚਮਕੌਰ ਸਿੰਘ ਘਨੁੰੜਕੀ, ਰਜਿੰਦਰ ਸਿੰਘ ਕਲਾਰਾਂ, ਬਿਕਰਮਜੀਤ ਸਿੰਘ ਅਰਨੋ ਕ੍ਰਾਂਤੀਕਾਰੀ,ਯਾਦਵਿੰਦਰ ਸਿੰਘ ਬੁਰੜ, ਨਿਸਾਨ ਸਿੰਘ ਬੁਰੜ, ਬਿਕਰ ਸਿੰਘ ਬੁਰੜ, ਗੁਰਜੰਟ ਸਿੰਘ ਦਫਤਰੀਵਾਲਾ ਮੁਖਤਿਆਰ ਸਿੰਘ ਭੂਤਗੜ੍ਹ, ਕੁਲਦੀਪ ਸਿੰਘ ਬਰਾਸ, ਦਰਸ਼ਨ ਸਿੰਘ ਬਰਾਸ ਆਦਿ ਮੌਜੂਦ ਸਨ।
