ਗੁਰਦੁਆਰਾ ਸੰਤ ਕੰਬਲੀ ਵਾਲਾ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਮਨਾਇਆ

ਮਹਾਂਪੁਰਸ਼ਾਂ ਵੱਲੋਂ ਐਡੀਸ਼ਨਲ ਐਡਵੋਕੇਟ ਜਰਨਲ ਰਾਜੇਸ਼ ਮਹਿਤਾ ਸਨਮਾਨਤ
ਪਟਿਆਲਾ 25 ਜੂਨ ()
ਗੁਰਦੁਆਰਾ ਸਾਹਿਬ ਸੰਤ ਕੰਬਲੀ ਵਾਲਾ ਵਿਖੇ ਸੰਤ ਬਾਬਾ ਨਛੱਤਰ ਸਿੰਘ ਕਾਲੀ ਕੰਬਲੀ ਵਾਲਿਆਂ ਦੀ ਯੋਗ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਸਿੱਖ ਕੌਮ ਦੇ ਮਹਾਨ ਜਰਨੈਲ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਸੰਗਤਾਂ ਵੱਲੋਂ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਬਾਬਾ ਨਛੱਤਰ ਸਿੰਘ ਕਾਲੀ ਕੰਬਲੀ ਵਾਲਿਆਂ ਨੇ ਇਤਿਹਾਸ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਲਿਖੀ ਗਾਥਾ ਸਾਂਝੀ ਕਰਦਿਆਂ ਕਿਹਾ ਕਿ ਦਸਮੇਸ਼ ਪਿਤਾ ਤੋਂ ਥਾਪੜਾ ਪ੍ਰਾਪਤ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਵੱਲ ਤੁਰਿਆ ਜਿਸ ਨੇ ਜ਼ਬਰ ਜੁਲਮ ਦੇ ਖਿਲਾਫ਼ ਜੰਗਾਂ ਲੜੀਆਂ ਅਤੇ ਦਲੇਰੀ ਅਤੇ ਬਹਾਦਰੀ ਦੀ ਮਿਸਾਲ ਕਾਇਮ ਕੀਤੀ। ਉਨ੍ਹਾਂ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਸਾਨੀ ਹਿੱਤਾਂ ਲਈ ਮਾਲਕਾਂ ਨੂੰ ਜਮੀਨਾਂ ਦੇ ਹੱਕ ਦੁਆਏ ਅਤੇ ਸੂਬਾ ਵਜ਼ੀਰ ਖਾਂ ਤੋਂ ਛੋਟੇ ਸਾਹਿਬਜ਼ਾਦਿਆਂ ਦਾ ਬਦਲਾ ਲੈ ਕੇ ਸਰਹਿੰਦ ਫਤਹਿ ਕੀਤੀ। ਉਨ੍ਹਾਂ ਕਿਹਾ ਕਿ ਇਤਿਹਾਸ ਅੰਦਰ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਇਤਿਹਾਸ ਦੀ ਗਾਥਾ ਤੋਂ ਵੱਡੀ ਪ੍ਰੇਰਨਾ ਮਿਲਦੀ ਹੈ, ਜਿਸ ਨੇ ਪਹਿਲੇ ਸਿੱਖ ਰਾਜ ਦੀ ਸਥਾਪਨਾ ਕਰਕੇ ਖਾਲਸਾ ਰਾਜ ਦਾ ਝੰਡਾ ਝੁਲਾਇਆ ਅਤੇ ਸਾਰਿਆਂ ਨੂੰ ਇਕ ਝੰਡੇ ਹੇਠ ਲਾਮਬੰਦ ਕਰਦਿਆਂ ਜ਼ੁਲਮੀ ਹਕੂਮਤਾਂ ਦੇ ਖਿਲਾਫ਼ ਲੜਾਈਆਂ ਕਰਦਿਆਂ ਆਪਣੀ ਸ਼ਹਾਦਤ ਦਿੱਤੀ। ਅੱਜ ਦੇ ਦਿਨ ਗੁਰਮਤਿ ਸਮਾਗਮ ਵਿਚ ਐਡੀਸ਼ਨਲ ਐਡਵੋਕੇਟ ਜਰਨਲ ਪੰਜਾਬ ਰਾਜੇਸ਼ ਮਹਿਤਾ ਉਚੇਚੇ ਤੌਰ ’ਤੇ ਪੁੱਜੇ ਹੋਏ ਸਨ। ਇਸ ਦੌਰਾਨ ਸੰਤ ਮਹਾਂਪੁਰਸ਼ ਬਾਬਾ ਨਛੱਤਰ ਸਿੰਘ ਕਾਲੀ ਕੰਬਲੀ ਵਾਲਿਆਂ ਸਮੇਤ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਸੁਖਵਿੰਦਰ ਸਿੰਘ ਫਿੰਗਰ ਪਿ੍ਰੰਟ ਐਕਸਪਰਟ ਵਾਲਿਆਂ ਦਾ ਵੀ ਸਨਮਾਨਤ ਕੀਤਾ ਗਿਆ। ਸਮਾਗਮ ਦੇ ਅੰਤ ਵਿਚ ਭਾਈ ਗੁਰਦੀਪ ਸਿੰਘ ਨੇ ਪੁੱਜੀਆਂ ਸਖਸ਼ੀਅਤਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ।
