ਲੋਕਾਂ ਦਾ ਧਿਆਨ ਸਮੱਸਿਆਵਾਂ ਤੋਂ ਹਟਾਉਣ ਲਈ ਭਾਜਪਾ ਚੱਲ ਰਹੀ ਫੁੱਟ-ਪਾਊ ਚਾਲਾਂ : ਮਾਇਆਵਤੀ

ਲੋਕਾਂ ਦਾ ਧਿਆਨ ਸਮੱਸਿਆਵਾਂ ਤੋਂ ਹਟਾਉਣ ਲਈ ਭਾਜਪਾ ਚੱਲ ਰਹੀ ਫੁੱਟ-ਪਾਊ ਚਾਲਾਂ : ਮਾਇਆਵਤੀ
ਲਖਨਊ, 30 ਨਵੰਬਰ : ਬਹੁਜਨ ਸਮਾਜ ਪਾਰਟੀ (ਬਸਪਾ) ਦੀ ਕੌਮੀ ਪ੍ਰਧਾਨ ਮਾਇਆਵਤੀ ਨੇ ਕੇਂਦਰ ਅਤੇ ਵਿਰੋਧੀ ਧਿਰ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਸੰਸਦ ਦਾ ਸਰਦ ਰੁੱਤ ਸੈਸ਼ਨ ਦੋਵਾਂ ਹਾਕਮ ਤੇ ਵਿਰੋਧੀ ਧਿਰ ਦੀਆਂ ਝੜਪਾਂ ਦੀ ਬਜਾਏ ਦੇਸ਼ ਦੀਆਂ ਪ੍ਰਮੁੱਖ ਸਮੱਸਿਆਵਾਂ ਵੱਲ ਧਿਆਨ ਧਰੇ । ਗ਼ੌਰਤਲਬ ਹੈ ਕਿ ਸੰਸਦ ਵਿਚ ਅਡਾਨੀ ਗਰੁੱਪ ਵਿਰੁੱਧ ਲੱਗੇ ਦੋਸ਼ਾਂ ਅਤੇ ਸੰਭਲ ਮਸਜਿਦ ਸਰਵੇਖਣ ਵਿਵਾਦ ਤੇ ਹਿੰਸਾ ਵਰਗੇ ਮਾਮਲਿਆਂ ਕਾਰਨ ਹਾਕਮ ਤੇ ਵਿਰੋਧੀ ਧਿਰ ਦਰਮਿਆਨ ਜਾਰੀ ਟਕਰਾਅ ਕਾਰਨ ਸੰਸਦ ਵਿਚ ਰੇੜਕਾ ਬਣਿਆ ਹੋਇਆ ਹੈ । ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਬੀਬੀ ਮਾਇਆਵਤੀ ਨੇ ਇਸੇ ਦੇ ਮੱਦੇਨਜ਼ਰ ਇਹ ਅਪੀਲ ਕੀਤੀ ਹੈ । ਬਸਪਾ ਵੱਲੋਂ ਜਾਰੀ ਬਿਆਨ ਅਨੁਸਾਰ ਮਾਇਆਵਤੀ ਨੇ ਕਿਹਾ ਕਿ ਸਰਕਾਰ ਅਤੇ ਵਿਰੋਧੀ ਧਿਰ ਦੋਵਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸੰਸਦ ਦਾ ਮੌਜੂਦਾ ਸਰਦ ਰੁੱਤ ਸੈਸ਼ਨ ਆਪਸੀ ਝੜਪਾਂ ਦੀ ਬਜਾਏ ਦੇਸ਼ ਦੀਆਂ ਪ੍ਰਮੁੱਖ ਸਮੱਸਿਆਵਾਂ ਵੱਲ ਧਿਆਨ ਕੇਂਦਰਿਤ ਕਰੇ । ਉਨ੍ਹਾਂ ਕਿਹਾ ਕਿ ਸੰਸਦ ਨੂੰ ਲੋਕਾਂ ਦੇ ਵਿਆਪਕ ਹਿੱਤ ਵਿੱਚ ਕੰਮ ਕਰਨਾ ਚਾਹੀਦਾ ਹੈ । ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਦੋਵਾਂ ਨੂੰ ਰਾਸ਼ਟਰ ਨੂੰ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਗੰਭੀਰਤਾ ਦਿਖਾਉਣੀ ਚਾਹੀਦੀ ਹੈ । ਦੱਸਣਯੋਗ ਹੈ ਕਿ ਬਸਪਾ ਸੁਪਰੀਮੋ ਨੇ ਸ਼ਨਿੱਚਰਵਾਰ ਨੂੰ ਲਖਨਊ ਵਿੱਚ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਸੀਨੀਅਰ ਪਾਰਟੀ ਨੇਤਾਵਾਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕੀਤਾ ਅਤੇ ਆਗੂਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਦਲਿਤ ਅਤੇ ਅੰਬੇਡਕਰੀ ਭਾਈਚਾਰਿਆਂ ਨੂੰ ਸਿਆਸੀ ਸ਼ਕਤੀਕਰਨ ਤੇ ਮਜ਼ਬੂਤੀ ਲਈ ਆਪਣੇ ਸੰਘਰਸ਼ ਵਿੱਚ ਇੱਕਜੁੱਟ ਹੋਣ ਦੀ ਲੋੜ ਹੈ । ਇੱਕ ਅਧਿਕਾਰਤ ਬਿਆਨ ਅਨੁਸਾਰ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਮਾਜ ਨੂੰ “ਜਾਤੀਵਾਦੀ ਅਤੇ ਫ਼ਿਰਕੂ” ਤਾਕਤਾਂ ਦੀ ਜਕੜ ਤੋਂ ਆਜ਼ਾਦ ਕਰਨ ਲਈ “ਸੱਤਾ ਦੀ ਚਾਬੀ” ਆਪਣੇ ਹੱਥ ਲੈਣ ਦੀ ਲੜਾਈ ਤੇਜ਼ ਕਰਨੀ ਚਾਹੀਦੀ ਹੈ ।
