ਤਰਨਤਾਰਨ ’ਚ ਇਮੀਗ੍ਰੇਸ਼ਨ ਦਾ ਕਾਰੋਬਾਰ ਕਰਦੇ ਨੌਜਵਾਨ ਦੀ ਕਾਰ ’ਤੇ ਫਾਇਰਿੰਗ

ਦੁਆਰਾ: Punjab Bani ਪ੍ਰਕਾਸ਼ਿਤ :Saturday, 30 November, 2024, 01:12 PM

ਤਰਨਤਾਰਨ ’ਚ ਇਮੀਗ੍ਰੇਸ਼ਨ ਦਾ ਕਾਰੋਬਾਰ ਕਰਦੇ ਨੌਜਵਾਨ ਦੀ ਕਾਰ ’ਤੇ ਫਾਇਰਿੰਗ
ਤਰਨਤਾਰਨ : ਪੰਜਾਬ ਦੇ ਜਿ਼ਲਾ ਤਰਨਤਾਰਨ ’ਚ ਇਮੀਗ੍ਰੇਸ਼ਨ ਦਾ ਕਾਰੋਬਾਰ ਕਰਦੇ ਇਕ ਨੌਜਵਾਨ ਦੀ ਕਾਰ ਉੱਪਰ ਬਾਈਕ ਸਵਾਰ ਦੋ ਜਣਿਆਂ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ ਕੋਲੋਂ ਕਰੀਬ ਸੱਤ ਮਹੀਨੇ ਪਹਿਲਾਂ 50 ਲੱਖ ਦੀ ਫਿਰੌਤੀ ਵੀ ਵਿਦੇਸ਼ੀ ਨੰਬਰ ਤੋਂ ਮੰਗੀ ਗਈ ਸੀ । ਦੂਜੇ ਪਾਸੇ ਪੁਲਸ ਨੇ ਉਕਤ ਘਟਨਾ ਸਬੰਧੀ ਦੋ ਅਣਪਛਾਤੇ ਵਿਅਕਤੀਆਂ ਸਣੇ ਤਿੰਨ ਲੋਕਾਂ ਵਿਰੁੱਧ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ । ਅਨਮੋਲਪ੍ਰੀਤ ਸਿੰਘ ਵਾਸੀ ਪੰਡੋਰੀ ਗੋਲਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਤਰਨਤਾਰਨ ਦੇ ਬੱਸ ਅੱਡੇ ਕੋਲ ਇਮੀਗ੍ਰੇਸ਼ਨ ਦਾ ਕਾਰੋਬਾਰ ਕਰਦਾ ਹੈ । ਉਹ ਆਪਣੀ ਹਾਂਡਾ ਇਮੇਜ ਕਾਰ ’ਚ ਬੈਠ ਕੇ ਸਕਿਓਰਿਟੀ ਗਾਰਡ ਬਲਜੀਤ ਸਿੰਘ ਸਣੇ ਬੱਸ ਸਟੈਂਡ ਵਾਲੇ ਪਾਸੇ ਏਟੀਐੱਮ ਵਿੱਚੋਂ ਪੈਸੇ ਕਢਾਉਣ ਲਈ ਗਿਆ ਸੀ, ਉਥੇ ਪੁੱਜਾ ਤਾਂ ਜੇਬ ਵਿੱਚੋਂ ਏਟੀ ਜਦੋਂ ਉਹ ਏ. ਟੀ. ਐਮ. ਪਾਸ ਪੁੱਜਾ ਤਾਂ ਉਸ ਦੀ ਜੇਬ ਵਿੱਚ ਏ. ਟੀ. ਐਮ. ਕਾਰਡ ਨਹੀਂ ਸੀ, ਜਿਸ ਕਰਕੇ ਉਹ ਆਪਣੇ ਦਫਤਰ ਵਾਪਸ ਆ ਗਿਆ ਪਰ ਇਸੇ ਦੌਰਾਨ ਉਸਨੇ ਵੇਖਿਆ ਕਿ ਇਕ ਸਕਾਰਪਿਓ ਗੱਡੀ ਉਸਦਾ ਪਿੱਛਾ ਕਰ ਰਹੀ ਸੀ । ਉਹ ਸਕਿਉਰਟੀ ਗਾਰਡ ਸਮੇਤ ਆਪਣੇ ਪਿੰਡ ਚੱਲਿਆ ਪਰ ਗਾਰਡ ਨੇ ਪਿੰਡ ਜਾਣ ਦੀ ਬਜਾਏ ਸ਼ਹਿਰ ਵਿਚ ਹੀ ਆਪਣੇ ਦੋਸਤ ਕੋਲ ਰੁਕਣ ਦੀ ਸਲਾਹ ਦਿੱਤੀ । ਉਹ ਦੋਸਤ ਘਰ ਜਾਂਦਾ ਇਸ ਤੋੋਂ ਪਹਿਲਾਂ ਉਸ ਨੇ ਆਪਣੇ ਮਾਮੇ ਦੇ ਲੜਕੇ ਜੋ ਨੂਰਦੀ ਰਹਿੰਦਾ ਹੈ ਨਾਲ ਗੱਡੀ ਦੇ ਪਿੱਛਾ ਕਰਨ ਦੀ ਗੱਲ ਕੀਤੀ ਤਾਂ ਉਸਨੇ ਉਸ ਨੂੰ ਆਪਣੇ ਘਰ ਬੁਲਾ ਲਿਆ । ਉਸ ਨੇ ਬਾਈਪਾਸ ਤੋਂ ਝਬਾਲ ਵੱਲ ਆਪਣੀ ਗੱਡੀ ਮੋੜੀ ਤਾਂ ਸਕਾਰਪੀਓ ਵੀ ਪਿੱਛਾ ਕਰਦੀ ਰਹੀ ਪਰ ਟੀ ਪੁਆਇੰਟ ਤੋਂ ਅੱਗੇ ਨਹੀਂ ਆਈ । ਹਾਲਾਂਕਿ ਕੁਝ ਦੇਰ ਬਾਅਦ ਪਿੱਛੋਂ ਇਕ ਮੋਟਰਸਾਈਕਲ ਆਇਆ, ਜਿਸ ’ਤੇ ਸਵਾਰ ਲੋਕਾਂ ਨੇ ਉਸਦੀ ਗੱਡੀ ’ਤੇ ਫਾਇਰਿੰਗ ਸ਼ੁਰੂ ਕਰ ਦਿੱਤੀ । ਸਕਿਉਰਟੀ ਗਾਰਡ ਬਲਜੀਤ ਸਿੰਘ ਨੇ ਉਸ ਥੱਲੇ ਕਰ ਦਿੱਤਾ ਤੇ ਉਹ ਵਾਲ ਵਾਲ ਬਚਿਆ । ਗੋਲੀਆਂ ਚਲਾ ਕੇ ਮੋਟਰਸਾਈਕਲ ਸਵਾਰ ਪਿੱਛੇ ਤਰਨਤਾਰਨ ਵੱਲ ਮੁੜ ਗਏ ਅਤੇ ਉਹ ਗੱਡੀ ਭਜਾ ਕੇ ਨੂਰਦੀ ਆਪਣੇ ਮਾਮੇ ਘਰ ਲੈ ਗਿਆ । ਉਸ ਨੇ ਦੱਸਿਆ ਕਿ ਇਕ ਫਾਇਰ ਉਸਦੀ ਗੱਡੀ ਦੇ ਬੋਨਟ ਅਤੇ ਦੋ ਸ਼ੀਸ਼ੇ ਵਿਚ ਲੱਗੇ । ਸ਼ਿਕਾਇਤ ਵਿਚ ਉਸ ਨੇ ਇਹ ਵੀ ਦੱਸਿਆ ਕਿ ਕਰੀਬ ਸੱਤ ਮਹੀਨੇ ਪਹਿਲਾਂ ਵਿਦੇਸ਼ੀ ਨੰਬਰ ਤੋਂ ਉਸ ਕੋਲੋਂ 50 ਲੱਖ ਦੀ ਫਿਰੋਤੀ ਮੰਗੀ ਗਈ ਸੀ ਅਤੇ ਅੱਗੋ ਬੋਲਣ ਵਾਲੇ ਨੇ ਆਪਣਾ ਨਾਂ ਹੈਰੀ ਚੱਠਾ ਦੱਸਿਆ ਸੀ । ਥਾਣਾ ਸਿਟੀ ਤਰਨਤਾਰਨ ਦੇ ਮੁਖੀ ਇੰਸਪੈਕਟਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਕਤ ਘਟਨਾ ਸਬੰਧੀ ਹੈਰੀ ਚੱਠਾ ਅਤੇ ਦੋ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਤੇ ਅਗਲੀ ਜਾਂਚ ਲਈ ਏਐੱਸਆਈ ਚਰਨਜੀਤ ਸਿੰਘ ਦੀ ਡਿਊਟੀ ਲਗਾਈ ਗਈ ਹੈ ।