ਬੀਤੇ ਮਹੀਨੇ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਜ਼ਿਲ੍ਹਾ ਸੰਗਰੂਰ ਵਿਖੇ 29 ਮੁਕੱਦਮੇ ਦਰਜ, 31 ਗ੍ਰਿਫਤਾਰ ; ਐਸ. ਐਸ. ਪੀ. ਸਰਤਾਜ ਸਿੰਘ ਚਾਹਲ

ਬੀਤੇ ਮਹੀਨੇ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਜ਼ਿਲ੍ਹਾ ਸੰਗਰੂਰ ਵਿਖੇ 29 ਮੁਕੱਦਮੇ ਦਰਜ, 31 ਗ੍ਰਿਫਤਾਰ ; ਐਸ. ਐਸ. ਪੀ. ਸਰਤਾਜ ਸਿੰਘ ਚਾਹਲ
ਪੁਲਿਸ ਪਬਲਿਕ ਮੀਟਿੰਗਾਂ ਦਾ ਸਿਲਸਿਲਾ ਜਾਰੀ, ਲੋਕਾਂ ਤੋਂ ਸਹਿਯੋਗ ਦੀ ਮੰਗ
ਸੰਗਰੂਰ, 1 ਦਸੰਬਰ : ਐਸ. ਐਸ. ਪੀ. ਸੰਗਰੂਰ ਸ੍ਰੀ ਸਰਤਾਜ ਸਿੰਘ ਚਾਹਲ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਗਈ ਮੁਹਿੰੰਮ ਦੌਰਾਨ ਕਾਰਵਾਈ ਕਰਦੇ ਹੋਏ ਮਿਤੀ 01.11.24 ਤੋਂ 30.11.24 ਤੱਕ ਡਰੱਗ ਦੇ 18 ਮੁਕੱਦਮੇ ਦਰਜ ਕਰਕੇ 22 ਕਥਿਤ ਦੋਸ਼ੀ ਕਾਬੂ ਕਰਕੇ 01 ਕਿੱਲੋ 397 ਗ੍ਰਾਮ ਹੈਰੋਇਨ, 02 ਕਿਲੋਗ੍ਰਾਮ ਅਫੀਮ, 82 ਕਿੱਲੋਗ੍ਰਾਮ ਭੂੱਕੀ ਚੂਰਾ ਪੋਸਤ, 01 ਕਿਲੋਗ੍ਰਾਮ ਗਾਂਜਾ, 6600 ਨਸ਼ੀਲੀਆਂ ਗੋਲੀਆਂ ਅਤੇ 4,15,000 ਰੁਪਏ ਡਰੱਗ ਮਨੀ ਬ੍ਰਾਮਦ ਕਰਵਾਈ ਗਈ । ਉਨ੍ਹਾਂ ਦੱਸਿਆ ਕਿ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ 11 ਮੁਕੱਦਮੇ ਦਰਜ ਕਰਕੇ 09 ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਅਤੇ 126 ਲੀਟਰ ਸ਼ਰਾਬ ਠੇਕਾ ਦੇਸੀ, 38.750 ਲੀਟਰ ਸ਼ਰਾਬ ਨਜਾਇਜ ਅਤੇ 450 ਲੀਟਰ ਲਾਹਣ ਬ੍ਰਾਮਦ ਕਰਵਾਈ ਗਈ । ਇਸ ਤੋਂ ਇਲਾਵਾ ਦੜੇ ਸੱਟੇ ਦਾ ਧੰਦਾ ਕਰਨ ਵਾਲੇ 04 ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ 04 ਮੁਕੱਦਮੇ ਦਰਜ ਕਰਕੇ 56,400/- ਰੁਪਏ ਬ੍ਰਾਮਦ ਕਰਵਾਏ ਗਏ ਹਨ । ਐਸ. ਐਸ. ਪੀ. ਸਰਤਾਜ ਸਿੰਘ ਚਾਹਲ ਨੇ ਨਾਗਰਿਕਾਂ ਨੂੰ ਵੀ ਨਸ਼ਾ ਵਿਰੋਧੀ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਅਪੀਲ ਕੀਤੀ ਗਈ । ਉਨ੍ਹਾਂ ਦੱਸਿਆ ਕਿ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪੰਚਾਇਤਾਂ, ਖੇਡ ਕਲੱਬਾਂ ਤੇ ਮੋਹਤਬਰ ਪੁਰਸ਼ਾਂ ਨਾਲ ਮੀਟਿੰਗਾਂ ਕਰਕੇ ਆਮ ਪਬਲਿਕ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ ਅਤੇ ਵੱਖ ਵੱਖ ਗਜਟਿਡ ਅਫਸਰਾਂ ਵੱਲੋਂ 115 ਪਿੰਡਾਂ ਤੇ ਕਸਬਿਆਂ ਵਿੱਚ ਆਮ ਪਬਲਿਕ ਨਾਲ ਮੀਟਿੰਗਾਂ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ ਤੇ ਆਮ ਪਬਲਿਕ ਨੂੰ ਨਸ਼ੇ ਦਾ ਧੰਦਾ ਕਰਨ ਵਾਲੇ ਸਮੱਗਲਰਾਂ ਸਬੰਧੀ ਪੁਲਿਸ ਨੂੰ ਇਤਲਾਹਾਂ ਦੇਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਨਸ਼ੇ ਦੇ ਕੋਹੜ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ । ਉਨ੍ਹਾਂ ਕਿਹਾ ਕਿ ਨਸ਼ੇ ਦਾ ਧੰਦਾ ਕਰਨ ਵਾਲੇ ਅਤੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰਦੇ ਹੋਏ ਨਸ਼ਿਆਂ ਦੀ ਰੋਕਥਾਮ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਨਸ਼ਿਆਂ ਖਿਲਾਫ ਜੰਗ ਜਾਰੀ ਹੈ ।
