ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਕੌਮੀ ਸਕੂਲ ਖੇਡਾਂ ‘ਚ ਮੱਲਾਂ ਮਾਰਨ ਵਾਲੀ ਵਿਦਿਆਰਥਣ ਦਾ ਸਨਮਾਨ

ਦੁਆਰਾ: Punjab Bani ਪ੍ਰਕਾਸ਼ਿਤ :Tuesday, 26 November, 2024, 05:59 PM

ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਵੱਲੋਂ ਕੌਮੀ ਸਕੂਲ ਖੇਡਾਂ ‘ਚ ਮੱਲਾਂ ਮਾਰਨ ਵਾਲੀ ਵਿਦਿਆਰਥਣ ਦਾ ਸਨਮਾਨ
ਸੰਗਰੂਰ, 26 ਨਵੰਬਰ : ਡਿਪਟੀ ਕਮਿਸ਼ਨਰ ਸੰਗਰੂਰ ਸੰਦੀਪ ਰਿਸ਼ੀ ਨੇ ਅੱਜ ਜ਼ਿਲ੍ਹੇ ਦੀ ਵਿਦਿਆਰਥਣ ਇਸ਼ੀਤਾ ਸ਼ਰਮਾ ਨੂੰ ਰਾਸ਼ਟਰੀ ਸਕੂਲ ਖੇਡਾਂ ਵਿੱਚ ਸ਼ਾਨਦਾਰ ਪ੍ਰਾਪਤੀ ਲਈ ਸਨਮਾਨਿਤ ਕੀਤਾ । ਦੱਸਣਯੋਗ ਹੈ ਕਿ ਹਾਲ ਹੀ ਵਿੱਚ ਮੱਧ ਪ੍ਰਦੇਸ਼ ਦੇ ਨਰਮਦਾਪੁਰਮ ਹੋਈਆਂ ਕੌਮੀ ਸਕੂਲ ਖੇਡਾਂ ਵਿੱਚ ਇਸ਼ੀਤਾ ਨੇ ਬੈਡਮਿੰਟਨ ਵਿੱਚ ਆਪਣੇ ਸ਼ਾਨਦਾਰ ਹੁਨਰ ਦਾ ਪ੍ਰਦਰਸ਼ਨ ਕਰਦਿਆਂ ਚਾਂਦੀ ਅਤੇ ਕਾਂਸੇ ਦੇ ਮੈਡਲ ਜਿੱਤੇ ਹਨ । ਜ਼ਿਕਰਯੋਗ ਹੈ ਕਿ ਇਸ਼ੀਤਾ ਚੀਮਾ ਕਸਬੇ ਦੇ ਵਿੱਦਿਆ ਸਰਸਵਤੀ ਮੰਦਰ ਸੀਨੀਅਰ ਸੈਕੰਡਰੀ ਸਕੂਲ ਦੀ ਬਾਰਵੀਂ ਜਮਾਤ ਦੀ ਵਿਦਿਆਰਥਣ ਹੈ । ਉਹ ਹੁਣ ਦੁਬਈ ਵਿਖੇ ਹੋਣ ਵਾਲੇ ‘ਖੇਲੋ ਇੰਡੀਆ’ ਮੁਕਾਬਲਿਆਂ ਲਈ ਵੀ ਚੁਣੀ ਗਈ ਹੈ । ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਇਸ਼ੀਤਾ ਦੇ ਦ੍ਰਿੜ ਇਰਾਦੇ ਅਤੇ ਸਖ਼ਤ ਮਿਹਨਤ ਦੀ ਪ੍ਰਸ਼ੰਸਾ ਕਰਦਿਆਂ ਉਸਨੂੰ ਇਸੇ ਤਰ੍ਹਾਂ ਹੀ ਸੰਗਰੂਰ ਦਾ ਮਾਣ ਵਧਾਉਂਦੇ ਰਹਿਣ ਲਈ ਪ੍ਰੇਰਿਤ ਕੀਤਾ । ਉਨ੍ਹਾਂ ਨੇ ਇਸ ਖੇਤਰ ਵਿੱਚ ਦੇਸ਼ ਦਾ ਨਾਮ ਚਮਕਾਉਣ ਲਈ ਦ੍ਰਿੜ ਇਰਾਦੇ ਅਤੇ ਜਨੂੰਨ ਦੀ ਲੋੜ ਬਾਰੇ ਗੱਲ ਕਰਦਿਆਂ ਖੇਡਾਂ ਵਿੱਚ ਨੌਜਵਾਨ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ । ਡੀ. ਸੀ. ਸੰਦੀਪ ਰਿਸ਼ੀ ਨੇ ਕਿਹਾ ਕਿ ਇਸ਼ੀਤਾ ਦੀ ਪ੍ਰਾਪਤੀ ਹੋਰਨਾਂ ਖਿਡਾਰੀਆਂ ਲਈ ਪ੍ਰੇਰਨਾ ਸਰੋਤ ਹੈ, ਜਿਸਨੇ ਖੇਡਾਂ ਦੇ ਖੇਤਰ ਵਿੱਚ ਪੰਜਾਬ ਦੇ ਨੌਜਵਾਨਾਂ ਦੀ ਸਮਰੱਥਾ ਅਤੇ ਪ੍ਰਤਿਭਾ ਦੇ ਸ਼ਾਨਦਾਰ ਪ੍ਰਦਰਸ਼ਨ ਦਾ ਸਬੂਤ ਦਿੱਤਾ ਹੈ । ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀ ਇਸ਼ੀਤਾ ਦੇ ਸਮਰਪਣ ਅਤੇ ਲਗਨ ਦਾ ਫ਼ਲ ਹੈ, ਜੋ ਬੈਡਮਿੰਟਨ ਵਿੱਚ ਉਸ ਦੇ ਰੌਸ਼ਨ ਭਵਿੱਖ ਦਾ ਪ੍ਰਮਾਣ ਹੈ । ਉਨ੍ਹਾਂ ਕਿਹਾ ਕਿ ਇਸ਼ੀਤਾ ਦੇ ਪਿਤਾ ਰਵੀ ਸ਼ਰਮਾ ਅਤੇ ਮਾਤਾ ਸਾਰੀਕਾ ਸ਼ਰਮਾ ਵੀ ਇਸ ਮਾਣਮੱਤੀ ਪ੍ਰਾਪਤੀ ਲਈ ਵਧਾਈ ਦੇ ਪਾਤਰ ਹਨ ।